ਬਠਿੰਡਾ: ਜਿਵੇਂ-ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਨੇੜੇ ਆ ਰਹੀਆਂ ਹਨ, ਚੋਣ ਸਮੀਕਰਨ ਬਦਲਦੇ ਜਾ ਰਹੇ ਹਨ। ਅਜਿਹੇ 'ਚ ਪੰਜਾਬ 'ਚ ਕਿਸ ਦੀ ਸਰਕਾਰ ਬਣੇਗੀ, ਇਹ ਅਜੇ ਸਪਸ਼ਟ ਨਹੀਂ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭੱਖ਼ਿਆ ਹੋਇਆ ਹੈ। ਸਿਆਸੀ ਪਾਰਟੀਆਂ ਉਮੀਦਵਾਰ ਡੋਰ-ਟੂ-ਡੋਰ ਜਾ ਕੇ ਪ੍ਰਚਾਰ ਕਰ ਰਹੇ ਹਨ, ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ। ਉੱਥੇ ਹੀ, ਦੂਜੇ ਪਾਸੇ ਰਾਜਨੀਤਕ ਪਾਰਟੀ ਨੂੰ ਲੈ ਕੇ ਵੀ ਲੋਕਾਂ ਵੱਲੋਂ ਆਪਣੀ ਆਪਣੀ ਰਾਏ ਬਣਾਈ ਗਈ ਹੈ।
ਸਾਡੇ ਪੱਤਰਕਾਰ ਨੇ ਬਠਿੰਡਾ ਦੇ ਹਲਕਾ ਰਾਮਪੁਰਾ ਫੂਲ ਵਿਖੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੀਤੀ ਗਈ ਗੱਲਬਾਤ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਲੋਕ ਗੁਰਪ੍ਰੀਤ ਸਿੰਘ ਕਾਂਗੜ ਦੀਆਂ ਕਾਰਗੁਜ਼ਾਰੀਆਂ ਤੋਂ ਬਹੁਤੇ ਖੁਸ਼ ਨਜ਼ਰ ਨਹੀਂ ਆ ਰਹੇ ਹਨ।
ਆਮ ਵੋਟਰਾਂ ਅਤੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਹਲਕੇ ਵਿੱਚ ਵਿਕਾਸ ਦੀ ਥਾਂ ਵਿਨਾਸ਼ ਹੋਇਆ ਹੈ। ਸਿੱਖਿਆ ਖੇਤਰ ਵਿੱਚ ਵੀ ਬਹੁਤੀ ਵੱਡੀ ਉਪਲੱਬਧੀ ਸਾਹਮਣੇ ਨਹੀਂ ਆਈ, ਨਾ ਹੀ ਸਿਹਤ ਸੇਵਾਵਾਂ ਵਿੱਚ ਕੋਈ ਵਾਧਾ ਕੀਤਾ ਗਿਆ ਹੈ। ਵਾਸੀਆਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਵੱਲੋਂ ਉਮੀਦਵਾਰ ਦੇਖ ਕੇ ਵੋਟ ਪਾਈ ਜਾਵੇਗੀ।
ਦੂਜੇ ਪਾਸੇ, ਸਥਾਨਕ ਵਾਸੀਆਂ ਵਿੱਚ ਵੇਖਣ ਨੂੰ ਮਿਲਿਆ ਹੈ ਕਿ ਕਾਂਗਰਸ ਦੇ ਪੱਕੇ ਸਮਰਥਕਾਂ ਵੱਲੋਂ ਵੀ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦਾ ਮੰਨਣਾ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਵਿੱਚ ਨਾ ਹੀ ਕਿ ਵੱਡੀ ਇੰਡਸਟਰੀ ਅਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਸਥਾਨਕ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਰਾਮਪੁਰਾ ਹਲਕੇ ਦੀ ਜਿਸ ਗਲੀ ’ਚ ਸੀਵਰੇਜ ਪੈ ਗਿਆ, ਉੱਥੇ ਸੜਕਾਂ ਨਹੀਂ ਬਣੀਆਂ ਅਤੇ ਜਿੱਥੇ ਸੜਕਾਂ ਬਣ ਗਈਆਂ, ਉੱਥੇ ਸੀਵਰੇਜ ਨਹੀਂ ਬਣਿਆ ਹੈ। ਇਸ ਕਾਰਨ ਸ਼ਹਿਰ ਵਿਚ ਥਾਂ-ਥਾਂ ਟ੍ਰੈਫਿਕ ਦੀ ਸਮੱਸਿਆ ਵੱਡੀ ਪੱਧਰ ’ਤੇ ਆਪਣੇ ਖੜੀ ਹੈ।
ਦੱਸਣਯੋਗ ਹੈ ਕਿ ਹਲਕਾ ਰਾਮਪੁਰਾ ਫੂਲ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਿਕੰਦਰ ਸਿੰਘ ਮਲੂਕਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਗਾਇਕ ਬਲਕਾਰ ਸਿੱਧੂ ਚੋਣ ਮੈਦਾਨ ਵਿੱਚ ਹਨ। ਇਸੇ ਨਾਲ ਹੀ, ਕਾਂਗਰਸ ਵੱਲੋਂ ਫਿਰ ਤੋਂ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਫਿਲਹਾਲ ਹੁਣ ਵੇਖਣਾ ਇਹ ਹੋਵੇਗਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਸ ਪਾਰਟੀ ਨੂੰ ਹਲਕਾ ਰਾਮਪੁਰਾ ਤੋਂ ਬਹੁਮਤ ਮਿਲਦਾ ਹੈ।
ਇਹ ਵੀ ਪੜੋ: ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸੁਖਬੀਰ ਬਾਦਲ ਵਲੋਂ ਆਪਣੇ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ !