ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ 2022 (2022 Punjab Assembly Elections) ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ। ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂ ਲੋਕਾਂ ਵਿਚਾਲੇ ਵਿਚਰ ਰਹੇ ਹਨ। ਇਸੇ ਤਰ੍ਹਾਂ ਹੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੰਗਲਵਾਰ ਬਠਿੰਡਾ ਫੇਰੀ ਪਾਈ।
ਉਹ ਕਾਂਗਰਸ ਤੋਂ ਬਾਗੀ ਹੋਏ ਟਕਸਾਲੀ ਕਾਂਗਰਸੀ ਆਗੂ ਰਾਜ ਨੰਬਰਦਾਰ ਵੱਲੋਂ ਸ਼ਹਿਰ ਵਿੱਚ ਕਰਵਾਏ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਕੋਈ ਵੀ ਖਾਸ ਚਿਹਰਾ ਨਜ਼ਰ ਨਾ ਆਇਆ ਅਤੇ ਕੈਪਟਨ ਦੀ ਬਠਿੰਡਾ ਫੇਰੀ ਦੇ ਰੰਗ ਵੀ ਫਿੱਕੇ ਨਜ਼ਰ ਆਏ। ਇਥੋਂ ਤੱਕ ਕਿ ਭਾਜਪਾ ਦਾ ਵੀ ਕੋਈ ਲੀਡਰ ਸਵਾਗਤ ਕਰਨ ਲਈ ਨਾ ਪਹੁੰਚਿਆ।
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਲੀਗਲ ਵਿੰਗ ਦੇ ਇੰਚਾਰਜ ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਸ਼ਾਮਲ ਹੋਏ। ਇਸ ਮੌਕੇ ਵਿਸ਼ੇਸ਼ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ 'ਤੇ ਸਵਾਲ ਚੁੱਕਣ ਵਾਲਿਆਂ ਦੇ ਅੱਜ ਖ਼ੁਦ ਦੇ ਹਾਲਾਤ ਮਾੜੇ ਹਨ, ਜੋ ਉਨ੍ਹਾਂ ਨੇ ਕਾਂਗਰਸ ਛੱਡਣ ਵੇਲੇ ਕਿਹਾ ਸੀ ਕਿ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਕੇ ਪਛਤਾਉਣਗੇ ਉਹ ਗੱਲ ਅੱਜ ਸਾਬਤ ਹੋ ਰਹੀ ਹੈ।
ਉਨ੍ਹਾਂ ਨਵਜੋਤ ਸਿੰਘ ਸਿੱਧੂ ਵੱਲੋਂ ਮਹਿਲਾਵਾਂ ਲਈ ਕੀਤੇ ਵੱਡੇ ਵੱਡੇ ਐਲਾਨ ਨੂੰ ਬੇਤੁਕਾ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਬਣਦਾ ਹੈ, ਜਿਸ ਵਿੱਚ ਸਾਰੇ ਵਰਗਾਂ ਦਾ ਖਿਆਲ ਰੱਖ ਕੇ ਐਲਾਨ ਕੀਤੇ ਜਾਂਦੇ ਹਨ, ਸਿੱਧੂ ਨੂੰ ਐਲਾਨ ਕਰਨ ਦਾ ਕੋਈ ਹੱਕ ਨਹੀਂ।
ਉਨ੍ਹਾਂ ਕਿਹਾ ਕਿ ਇਹ ਐਲਾਨ ਲਈ 32 ਲੱਖ ਕਰੋੜ ਤੋਂ ਵੱਧ ਪੈਸਾ ਕਿੱਥੋਂ ਆਏਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਿਰ 4 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ ਤੇ 5 ਲੱਖ 35 ਹਜ਼ਾਰ ਕਰੋੜ ਦੀ ਕਮਾਈ ਹੈ ਅਤੇ ਖ਼ਰਚੇ ਵੀ ਪੂਰੇ ਨਹੀਂ ਹੁੰਦੇ।
ਉਨ੍ਹਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਸੀਟਾਂ ਦੇ ਸਮਝੌਤੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਫ਼ੈਸਲਾ ਵੀ ਜਲਦੀ ਹੋਵੇਗਾ ਤੇ ਜੇਕਰ ਬਠਿੰਡਾ ਸੀਟ ਉਨ੍ਹਾਂ ਦੇ ਹਿੱਸੇ ਆਉਂਦੀ ਹੈ ਤਾਂ ਰਾਜ ਨੰਬਰਦਾਰ ਨੂੰ ਉਮੀਦਵਾਰ ਐਲਾਨਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਸੁਰੱਖਿਆ ਦੇ ਹਾਲਾਤ ਮਾੜੇ ਹਨ, ਇੱਕ ਪਾਸੇ ਦੇਸ਼ ਦੀ ਮੋਦੀ ਸਰਕਾਰ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈ ਪਰ ਪੰਜਾਬ ਵਿੱਚ ਬੀਐਸਐਫ ਦੇ ਵਧਾਏ ਦਾਇਰੇ 'ਤੇ ਵੀ ਸਰਕਾਰ ਨੂੰ ਠੋਸ ਕਦਮ ਉਠਾਉਣੇ ਚਾਹੀਦੇ ਹਨ, ਜੋ ਚੰਨੀ ਸਰਕਾਰ ਨਹੀਂ ਉਠਾ ਰਹੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੇਲੇ ਉਹ ਹਮੇਸ਼ਾਂ ਸੁਰੱਖਿਆ ਸੰਬੰਧੀ ਜਾਇਜ਼ਾ ਲੈਂਦੇ ਸਨ, ਪਰ ਅੱਜ ਹਾਲਾਤ ਮਾੜੇ ਹੋ ਚੁੱਕੇ ਹਨ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੇ ਐਲਾਨ ਨੂੰ ਵੀ ਡਰਾਮੇਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਵਿਕਾਸ ਦੇ ਨਾਮ 'ਤੇ ਪਲਾਨ ਹੋ ਰਹੇ ਹਨ।
ਇਹ ਵੀ ਪੜ੍ਹੋ:ਚਰਨਜੀਤ ਚੰਨੀ ਨੇ ਨੌਜਵਾਨਾਂ ਲਈ ਵੰਡੇ ਰੁਜ਼ਗਾਰ ਦੇ ਗੱਫ਼ੇ