ਚੰਡੀਗੜ੍ਹ: ਪੰਜਾਬ ’ਚ ਸੱਤਾ ਹਾਸਿਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਪੂਰੀ ਐਕਸ਼ਨ ਮੋਡ ’ਚ ਹੈ। ਲਗਾਤਾਰ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਇਹ ਤਲਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਲਟਕਦੀ ਹੋਈ ਦਿਖਾਈ ਦੇ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟਰਾਂਸਪੋਰਟ ਮੰਤਰੀ ਰਹਿੰਦੇ ਬੱਸਾਂ ਦੀ ਬਾਡੀ ਨੂੰ ਲੈ ਕੇ 33 ਕਰੋੜ ਦੇ ਘਪਲੇ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਸਮੇਂ ਟਰਾਂਸਪੋਰਟ ਮੰਤਰੀ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਚ ਸਸਤੀ ਬਾਡੀ ਹੋਣ ਦੇ ਬਾਵਜੁਦ ਰਾਜਸਥਾਨ ਦੇ ਜੈਪੁਰ ਦੀ ਇੱਕ ਕੰਪਨੀ ਤੋਂ ਬਾਡੀ ਲਗਵਾਈ ਗਈ ਜਿਸ ਚ ਜਿਆਦਾ ਪੈਸੇ ਖਰਚ ਕੀਤੇ ਗਏ। ਇਨ੍ਹਾਂ ਹੀ ਨਹੀਂ ਰਾਜਸਥਾਨ ਭੇਜਣ ’ਤੇ ਡੀਜ਼ਲ ’ਚ ਵੀ ਕਰੋੜਾਂ ਦਾ ਖਰਚਾ ਹੋਇਆ। ਜਿਸ ਦੇ ਚੱਲਦੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਿਸ਼ਾਨੇ ’ਤੇ ਆ ਗਏ ਹਨ।
ਟਰਾਂਸਪੋਰਟ ਮਾਲਕ ਸੰਨੀ ਢਿੱਲੋਂ ਨੇ ਲਗਾਏ ਇਲਜ਼ਾਮ: ਮਿਲੀ ਜਾਣਕਾਰੀ ਮੁਤਾਬਿਕ ਕਾਂਗਰਸ ਦੇ ਕਾਰਜਕਾਲ ਦੌਰਾਨ ਟਰਾਂਸਪੋਰਟ ਮੰਤਰੀ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਪ੍ਰਾਈਵੇਟ ਟਰਾਂਸਪੋਰਟ ਦੇ ਮਾਲਕ ਸੰਨੀ ਢਿੱਲੋਂ ਵੱਲੋਂ 33 ਕਰੋੜ ਰੁਪਏ ਦਾ ਘਪਲਾ ਕਰਨ ਦੇ ਇਲਜ਼ਾਮ ਲਗਾਏ ਹਨ।
'805 ਦੇ ਕਰੀਬ ਬੱਸਾਂ ਦੀ ਬਾਡੀ ਜੈਪੁਰ ਤੋਂ ਲਗਵਾਈਆਂ': ਇਲਜ਼ਾਮ ਲਗਾਉਣ ਵਾਲੇ ਸੰਨੀ ਢਿੱਲੋਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ 805 ਦੇ ਕਰੀਬ ਬੱਸਾਂ ਦੀ ਬਾਡੀ ਜੈਪੁਰ ਤੋਂ ਲਗਵਾਈਆਂ ਗਈਆਂ ਸਨ। ਉਸ ਵਿੱਚ ਪ੍ਰਤੀ ਬੱਸ ਕਰੀਬ ਚਾਰ ਲੱਖ ਰੁਪਏ ਦਾ ਘਪਲਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਬਾਡੀ ਸਰਕਾਰੀ ਬੱਸਾਂ ਨੂੰ ਜੈਪੁਰ ਤੋਂ ਲਗਵਾਈ ਗਈ ਹੈ ਉਹ ਪੰਜਾਬ ਵਿੱਚ ਅੱਠ ਲੱਖ ਰੁਪਏ ਦੀ ਲੱਗਦੀ ਹੈ ਜੇਕਰ ਬੱਸਾਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਇਸ ਦੇ ਰੇਟ ਵਿੱਚ ਹੋਰ ਵੀ ਕਮੀ ਆ ਸਕਦੀ ਹੈ।
'ਵੱਡਾ ਘਪਲਾ ਨਜ਼ਰ ਆ ਰਿਹਾ': ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਜੋ ਚਾਸੀਆਂ ਇਨ੍ਹਾਂ ਵੱਲੋਂ ਲਈਆਂ ਗਈਆਂ ਹਨ ਉਸ ਵਿੱਚ ਵੀ ਵੱਡਾ ਘਪਲਾ ਨਜ਼ਰ ਆ ਰਿਹਾ ਹੈ ਉਹ ਖੁਦ ਟਰਾਂਸਪੋਰਟ ਹੋਣ ਦੇ ਨਾਅਤੇ ਦੱਸ ਰਹੇ ਹਨ ਕਿ ਜਦੋਂ ਵੀ ਉਨ੍ਹਾਂ ਵੱਲੋਂ ਕੰਪਨੀ ਚਾਸੀਆਂ ਖ਼ਰੀਦੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਵੱਡੀ ਪੱਧਰ ’ਤੇ ਡਿਸਕਾਉਂਟ ਦਿੱਤਾ ਜਾਂਦਾ ਹੈ ਪਰ ਇੰਨੀ ਵੱਡੀ ਗਿਣਤੀ ਵਿੱਚ ਚਾਸੀਆਂ ਖ਼ਰੀਦਣ ਤੇ ਕੰਪਨੀਆਂ ਵੱਲੋਂ ਵੱਡਾ ਮਾਰਜਨ ਵੀ ਦਿੱਤਾ ਜਾਂਦਾ ਹੈ।
ਟਰਾਂਸਪੋਰਟ ਮਾਲਕ ਦੀ ਸੀਐੱਮ ਮਾਨ ਤੋਂ ਅਪੀਲ: ਉਨ੍ਹਾਂ ਸੀਐੱਮ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਘਪਲੇ ਦੀ ਜਾਂਚ ਕਰ ਕੇ ਰਾਜਾ ਵੜਿੰਗ ਨੂੰ ਜੇਲ੍ਹ ਭੇਜਿਆ ਜਾਵੇ ਕਿਉਂਕਿ ਉਨ੍ਹਾਂ ਵੱਲੋਂ ਲੋਕਾਂ ਦੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਾਇਦਾਦ ਵੇਚ ਕੇ ਭਰਪਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਪੰਜਾਬ ਬਜਟ ਸੈਸ਼ਨ: ਮੂਸੇਵਾਲਾ ਸਣੇ 11 ਸ਼ਖਸੀਅਤਾਂ ਨੂੰ ਸ਼ਰਧਾਂਜਲੀ, 2 ਵਜੇ ਤੱਕ ਮੁਲਤਵੀ ਸਦਨ ਦੀ ਕਾਰਵਾਈ