ਬਠਿੰਡਾ: ਨਕਲੀ ਆਈਪੀਐਸ ਬਣ ਕੇ ਥਾਣਾ ਮੁਖੀਆ ਤੋਂ ਸ਼ਰਾਬ ਦੀ ਪੇਟੀ ਦੀ ਵੰਗਾਰ ਲੈਣ ਵਾਲੇ ਨੌਜਵਾਨ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਜੱਸੀ ਨਿਵਾਸੀ ਰਾਏਪੁਰ ਜ਼ਿਲ੍ਹਾ ਮਾਨਸਾ ਦੇ ਵਜੋਂ ਹੋਈ ਹੈ। ਦੱਸ ਦਈਏ ਕਿ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਤੋਂ ਵਰਦੀ ਵੀ ਬਰਾਮਦ ਕਰ ਲਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋੇਏ ਸੀਆਈ ਸਟਾਫ ਦੇ ਇੰਚਾਰਜ ਤੇਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਸੁਖਵਿੰਦਰ ਸਿੰਘ ਉਰਫ ਜੱਸੀ ਪੁਲਿਸ ਦੇ ਵੱਡੇ ਅਧਿਕਾਰੀਆਂ ਕੋਲ ਬਤੌਰ ਲਾਂਗਰੀ ਕੰਮ ਕਰਦਾ ਰਿਹਾ ਹੈ। ਕਰੀਬ ਪਿਛਲੇ ਇੱਕ ਡੇਢ ਸਾਲ ਤੋਂ ਇਹ ਨਕਲੀ ਆਈਪੀਐੱਸ ਜਸਵਿੰਦਰ ਸਿੰਘ ਬਣ ਕੇ ਠੱਗੀਆਂ ਮਾਰ ਰਿਹਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਸੁਖਵਿੰਦਰ ਸਿੰਘ ਵੱਲੋਂ ਥਾਣਾ ਮੌੜ ਦੇ ਇੰਚਾਰਜ ਤੋਂ ਸ਼ਰਾਬ ਦੀ ਪੇਟੀ ਦੀ ਵੰਗਾਰ ਆਈਪੀਐਸ ਬਣ ਕੇ ਲਈ ਸੀ ਅਤੇ ਹੁਣ ਇਸ ਵੱਲੋਂ ਤਲਵੰਡੀ ਸਾਬੋ ਸਬ ਡਿਵੀਜ਼ਨ ਅਧੀਨ ਆਉਂਦੀ ਚੌਕੀ ਸੀਂਗੋ ਦੇ ਇੰਚਾਰਜ ਨੂੰ ਸ਼ਰਾਬ ਦੀ ਪੇਟੀ ਦੀ ਵੰਗਾਰ ਪਾਈ ਗਈ ਸੀ ਜਦੋਂ ਸੁਖਵਿੰਦਰ ਸਿੰਘ ਸ਼ਰਾਬ ਲੈਣ ਲਈ ਤਲਵੰਡੀ ਸਾਬੋ ਪਹੁੰਚਿਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਦੌਰਾਨ ਸੁਖਵਿੰਦਰ ਸਿੰਘ ਕੋਲੋਂ ਇਕ ਕਾਰ ਆਈਪੀਐੱਸ ਦੀ ਵਰਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜੋ: ਮੁੜ ਸੁਰਖੀਆਂ ’ਚ ਬਠਿੰਡਾ ਦੀ ਕੇਂਦਰੀ ਜੇਲ੍ਹ, 11 ਮੋਬਾਇਲ ਫੋਨ ਬਰਾਮਦ