ਬਠਿੰਡਾ: ਜ਼ਿਲ੍ਹੇ ਦੀ ਪੁਲਿਸ ਵੱਲੋਂ ਸ਼ੱਕੀ ਲੋਕਾਂ ਦੇ ਖਿਲਾਫ ਇੱਕ ਚੈਕਿੰਗ ਮੁਹਿੰਮ (Police action against the suspects ) ਚਲਾਈ ਗਈ। ਇਸ ਦੇ ਤਹਿਤ ਉਨ੍ਹਾਂ ਨੇ ਬੱਸ ਸਟੈਂਡ ਵਿਚਲੀਆਂ ਲੁਕਵੀਆਂ ਥਾਵਾਂ ਤੇ ਜਾਂਚ ਕੀਤੀ।
ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਕਈ ਦਿਨਾਂ ਤੋਂ ਬੱਸ ਸਟੈਂਡ ਵਿਚ ਬਣੇ ਬਾਥਰੂਮਾਂ ਵਿਚੋਂ ਨੌਜਵਾਨ ਨਸ਼ੇ ਕਰਨ ਦੀਆਂ ਸੂਚਨਾਵਾਂ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਅਰਧ ਸੈਨਿਕ ਬਲਾਂ ਨਾਲ ਬਠਿੰਡਾ ਦੇ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ।
ਦੱਸ ਦਈਏ ਕਿ ਪੁਲਿਸ ਵੱਲੋਂ ਚੈਕਿੰਗ ਉਪਰੰਤ ਉਨ੍ਹਾਂ ਵੱਲੋਂ ਬੱਸਾਂ ਵਿੱਚ ਲੱਗੇ ਪ੍ਰੈਸ਼ਰ ਹਾਰਨ ਵੀ ਉਤਰਵਾਏ ਗਏ। ਇਸ ਦੌਰਾਨ ਪੁਲਿਸ ਅਧਿਕਾਰੀ ਪਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਸੂਚਨਾਵਾਂ ਮਿਲ ਰਹੀਆਂ ਸੀ ਉਸੇ ਦੇ ਚੱਲਦੇ ਇਹ ਚੈਕਿੰਗ ਮੁਹਿੰਮ ਚਲਾਈ ਗਈ ਹੈ ਅਤੇ ਪ੍ਰੈਸ਼ਰ ਹਾਰਨ ਕਾਰਨ ਵਾਪਰੀਆਂ ਘਟਨਾਵਾਂ ਨੂੰ ਰੋਕਣ ਲਈ ਹੀ ਬੱਸਾਂ ਤੋਂ ਪ੍ਰੈਸ਼ਰ ਹਾਰਨ ਉਤਰਵਾਏ ਗਏ ਹਨ।
ਉੱਥੇ ਹੀ ਦੂਜੇ ਪਾਸੇ ਪੁਲਿਸ ਦੀ ਇਸ ਕਾਰਵਾਈ ’ਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਬੱਸਾਂ ਤੋਂ ਪ੍ਰੈਸ਼ਰ ਹਾਰਨ ਉਤਰਵਾਏ ਜਾਣ ’ਤੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲਿਸ ਪ੍ਰਸ਼ਾਸਨ ਟ੍ਰੈਫਿਕ ਵਿਵਸਥਾ ਨੂੰ ਠੀਕ ਕਰੇ ਕਿਉਂਕਿ ਸ਼ਹਿਰ ਅੰਦਰ ਮੁੱਖ ਸੜਕਾਂ ਦੇ ਉੱਤੇ ਹੀ ਟ੍ਰੈਫਿਕ ਇੰਨਾ ਜ਼ਿਆਦਾ ਹੈ ਕਿ ਬੱਸਾਂ ਵਾਲਿਆਂ ਨੂੰ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨੀ ਪੈਂਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਹ ਹਾਈਵੇ ’ਤੇ ਚੱਲਦੇ ਹਨ ਤਾਂ ਅਚਾਨਕ ਕੋਈ ਵਾਹਨ ਸੜਕ ’ਤੇ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਕਾਰਨ ਉਨ੍ਹਾਂ ਵਲੋਂ ਪ੍ਰੈਸ਼ਰ ਹਾਰਨ ਦੀ ਵਰਤੋਂ ਕੀਤੀ ਜਾਂਦੀ ਹੈ।
ਇਹ ਵੀ ਪੜੋ: ਯੂਕਰੇਨ ਵਿੱਚ ਫਸੇ ਮਾਨਸਾ ਦੇ ਬੱਚਿਆਂ ਦੀ ਘਰ ਵਾਪਸੀ ਲਈ ਪਰਿਵਾਰਾਂ ਨੇ ਕੇਂਦਰ ਨੂੰ ਭੇਜਿਆ ਮੰਗ ਪੱਤਰ