ਮਾਨਸਾ: ਜ਼ਿਲ੍ਹੇ ਦੇ ਵਿੱਚ ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ ਸ਼ੁਰੂ ਹੋ ਗਿਆ ਹੈ ਜਿਸ ਦੇ ਚੱਲਦਿਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਭਲਾਈਕੇ ਦੇ ਕਿਸਾਨ ਨੇ ਆਪਣੇ ਨਰਮੇ ਦੀ ਫ਼ਸਲ ਵਾਹ ਦਿੱਤੀ ਹੈ। ਨਰਮਾ ਬੈਲਟ ਵਜੋਂ ਜਾਣੇ ਜਾਂਦੇ ਮਾਲਵੇ ਦੇ ਵਿੱਚ ਪਿਛਲੇ ਸਾਲ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਵਾਹੁਣੀ ਪਈ ਸੀ।
ਮਾਨਸਾ ਜ਼ਿਲ੍ਹੇ ਦੇ ਪਿੰਡ ਭਲਾਈਕੇ ਦੇ ਕਿਸਾਨ ਕੁਲਦੀਪ ਸਿੰਘ ਨੇ ਸੁੰਡੀ ਦਾ ਹਮਲਾ ਹੋਣ ਦੇ ਚਲਦਿਆਂ ਹੀ ਆਪਣੀ ਖੇਤ ਵਿੱਚ ਨਰਮੇ ਦੀ ਫਸਲ ਵਾਹ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਤੋਂ ਹੀ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਿਆ ਹੈ ਅਤੇ ਅੱਗੇ ਜਾ ਕੇ ਫ਼ਸਲ ਇਸਤੋਂ ਵੀ ਜ਼ਿਆਦਾ ਖਰਾਬ ਹੋਵੇਗੀ। ਇਸ ਕਾਰਨ ਉਨ੍ਹਾਂ ਨੂੰ ਖ਼ਰਚਾ ਵੀ ਦੁੱਗਣਾ ਕਰਨਾ ਪਵੇਗਾ। ਇਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਹੁਣ ਤੋਂ ਹੀ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੀ ਰੋਕਥਾਮ ਦੇ ਲਈ ਉਨ੍ਹਾਂ ਆਪਣੀ ਫ਼ਸਲ ਵਾਹ ਕੇ ਝੋਨਾ ਲਾਉਣ ਦੀ ਤਿਆਰੀ ਸ਼ੁਰੂ ਕਰ ਲਈ ਹੈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿਛਲੇ ਸਾਲ ਵੀ ਗੁਲਾਬੀ ਸੁੰਡੀ ਦਾ ਹਮਲਾ ਹੋਣ ਕਾਰਨ ਕਿਸਾਨਾਂ ਨੂੰ ਆਪਣੇ ਨਰਮੇ ਦੀ ਫਸਲ ਵਾਹੁਣੀ ਪਈ ਸੀ ਜਿਸ ਕਾਰਨ ਸਰਕਾਰ ਵਜੋਂ ਵੀ ਕਿਸਾਨਾਂ ਨੂੰ ਮਹਿਜ਼ 17 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਸੀ। ਅਜੇ ਤੱਕ ਵੀ ਕਿਸਾਨ ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਦੇ ਲਈ ਵਾਂਝੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਘਟੀਆ ਬੀਜ ਕਿਸਾਨਾਂ ਨੂੰ ਸਪਲਾਈ ਕਰਨ ਵਾਲੀਆਂ ਕੰਪਨੀਆਂ ਤੇ ਸਰਕਾਰ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਿਸਾਨਾਂ ਨੂੰ ਘਟੀਆ ਬੀਜ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦਾ ਨਤੀਜਾ ਹਰ ਵਾਰ ਫ਼ਸਲ ਖ਼ਰਾਬ ਹੋ ਜਾਂਦੀ ਹੈ ਅਤੇ ਸਰਕਾਰ ਤੁਰੰਤ ਇਸ ਪਾਸੇ ਧਿਆਨ ਦੇਵੇ ਅਤੇ ਨਰਮੇ ਦੀ ਖ਼ਰਾਬ ਹੋ ਰਹੀ ਫਸਲ ਨੂੰ ਬਚਾਵੇ।
ਇਹ ਵੀ ਪੜ੍ਹੋ: ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਆਈ ਖੁਸ਼ੀ ਦੀ ਲਹਿਰ