ਬਠਿੰਡਾ: ਉੱਤਰੀ ਭਾਰਤ 'ਚ 4 ਤੇ 5 ਜੁਲਾਈ ਤੋਂ ਮੌਨਸੂਨ ਪੂਰੀ ਤਰ੍ਹਾਂ ਐਕਟਿਵ ਹੋ ਗਿਆ ਹੈ। ਮੌਨਸੂਨ ਦੀ ਬਾਰਿਸ਼ ਜਿੱਥੇ ਕਿਸਾਨਾਂ ਲਈ ਰਾਹਤ ਦੇਣ ਵਾਲੀ ਹੈ, ਉੱਥੇ ਹੀ ਦੂਜੇ ਪਾਸੇ ਪਹਿਲੀ ਬਾਰਿਸ਼ ਤੋਂ ਬਾਅਦ ਹੀ ਸ਼ਹਿਰ ਦੇ ਕੁੱਝ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਇਸ ਕਾਰਨ ਸਥਾਨਕ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਪਰਸ ਰਾਮ ਨਗਰ ਸਣੇ ਬਠਿੰਡਾ ਦੇ ਕਈ ਵੱਖ-ਵੱਖ ਇਲਾਕੇ 'ਚ ਪਾਣੀ ਭਰ ਗਿਆ ਹੈ। ਸਥਾਨਕ ਲੋਕਾਂ ਨੇ ਆਪਣੀ ਪਰੇਸ਼ਾਨੀ ਸਾਂਝੀ ਕਰਦੇ ਹੋਏ ਕਿਹਾ ਕਿ ਇਲਾਕੇ 'ਚ ਪਾਣੀ ਦੀ ਨਿਕਾਸੀ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਹਨ। ਇਸ ਬਾਰੇ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ। ਲੋਕਾਂ ਨੇ ਕਿਹਾ ਕਿ ਹਰ ਵਾਰ ਚੋਣਾਂ ਦੇ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਪਾਣੀ ਦੇ ਨਿਕਾਸੀ ਪ੍ਰਬੰਧਾਂ ਨੂੰ ਮੁਕੰਮਲ ਕਰਨ ਦੇ ਵਾਅਦੇ ਕਰਦਿਆਂ ਹਨ। ਚੋਣਾਂ ਖ਼ਤਮ ਹੋਣ ਮਗਰੋਂ ਕੋਈ ਵੀ ਆਗੂ ਸਾਰ ਲੈਣ ਨਹੀਂ ਆਉਂਦਾ। ਲੋਕਾਂ ਨੇ ਦੱਸਿਆ ਕਿ ਪਰਸ ਰਾਮ ਨਗਰ 'ਚ ਪਿਛਲੇ ਕਈ ਸਾਲਾਂ ਤੋਂ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ, ਦੁਕਾਨਾਂ 'ਚ ਵੜ ਜਾਂਦਾ ਹੈ। ਇਸ ਨਾਲ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਪ੍ਰਸ਼ਾਸਨ ਨੂੰ ਵਾਰ-ਵਾਰ ਸ਼ਿਕਾਇਤ ਕੀਤੇ ਜਾਣ ਮਗਰੋਂ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਇਸ ਬਾਰੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਰੁਣ ਵਾਧਵਨ ਨੇ ਕਿਹਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੈ। ਇਸ ਦੇ ਲਈ ਸੂਬੇ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਹਿਦਾਇਤਾਂ ਮੁਤਾਬਕ ਪਾਣੀ ਦੇ ਨਿਕਾਸ ਲਈ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਾਰਿਸ਼ ਦੇ ਪਾਣੀ ਦੀ ਸਹੀ ਨਿਕਾਸੀ ਲਈ ਪੁਰਾਣੀਆਂ ਮੋਟਰਾਂ ਬਦਲ ਕੇ ਨਵੀਆਂ ਮੋਟਰਾਂ ਲਗਾ ਦਿੱਤੀਆਂ ਗਈਆਂ ਹਨ। ਇਨ੍ਹਾਂ ਨਾਲ ਮੀਂਹ ਦਾ ਪਾਣੀ ਥੋੜ੍ਹੇ ਹੀ ਸਮੇਂ 'ਚ ਸ਼ਹਿਰ ਚੋਂ ਨਿਕਲ ਜਾਵੇਗਾ।