ਬਠਿੰਡਾ: ਸਿਆਣੇ ਕਹਿੰਦੇ ਹਨ ਕਿ ਖਾਈਏ ਮਨ ਭਾਉਂਦਾ ਅਤੇ ਪਹਿਨੀਏ ਜੱਗ ਭਾਉਂਦਾ, ਪਰ ਬਠਿੰਡਾ ਦੇ ਜਨਤਾ ਨਗਰ ਵਿਚ ਰਹਿ ਰਿਹਾ ਇੱਕ ਵਿਅਕਤੀ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਬੋਰੀ ਦੇ ਬਣੇ ਹੋਏ ਕੱਪੜਿਆਂ ਦਾ ਪਹਿਰਾਵਾ ਪਾ ਰਿਹਾ ਹੈ ਅਤੇ ਇਸ ਨੂੰ ਪਹਿਣ ਕੇ ਹੀ ਲੋਕਾਂ ਦੇ ਵਿਚ ਵਿਚਰ ਵੀ ਰਿਹਾ ਹੈ। ਇਸ ਵਿਅਕਤੀ ਦਾ ਨਾਂ ਛਾਗੁਰ ਪ੍ਰਸ਼ਾਦ ਹੈ ਜੋ ਕਿ ਆਪਣੇ ਗੁਰੂ ਦੇ ਬਚਨਾਂ ਨੂੰ ਮੰਨਦੇ ਹੋਏ ਪਿਛਲੇ ਚਾਰ ਦਹਾਕਿਆਂ ਤੋਂ ਬੋਰੀ ਦੇ ਬਣੇ ਕੱਪੜੇ ਪਾ ਰਿਹਾ ਹੈ।
ਗੁਰੂ ਦੇ ਹੁਕਮਾਂ ਦੀ ਕਰ ਰਿਹਾ ਪਾਲਣਾ: ਈਟੀਵੀ ਭਾਰਤ ਦੀ ਟੀਮ ਵੱਲੋਂ ਛਾਗੁਰ ਪ੍ਰਸ਼ਾਦ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ 1975 ਵਿੱਚ ਅਯੁੱਧਿਆ ਤੋਂ ਬਠਿੰਡਾ ਆਏ ਸੀ ਅਤੇ 1983 ਵਿੱਚ ਉਨ੍ਹਾਂ ਵੱਲੋਂ ਜੈ ਗੁਰੂਦੇਵ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਉਨ੍ਹਾਂ ਵੱਲੋਂ ਬੋਰੀ ਦਾ ਪਹਿਰਾਵਾ ਪਾਉਣਾ ਸ਼ੁਰੂ ਕੀਤਾ ਗਿਆ ਜੋ ਕਿ ਹੁਣ ਤੱਕ ਲਗਾਤਾਰ ਜਾਰੀ ਹੈ ਛਾਗੁਰ ਪ੍ਰਸ਼ਾਦ ਨੇ ਦੱਸਿਆ ਕਿ ਗੁਰੂ ਦੇ ਦਿੱਤੇ ਆਦੇਸ਼ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਪਹਿਰਾਵਾ ਪਾਉਣਾ ਸ਼ੁਰੂ ਕੀਤਾ ਗਿਆ ਸੀ, ਪਰ ਇਸ ਦੌਰਾਨ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਵੱਲੋਂ ਵੀ ਕਈ ਵਾਰ ਉਨ੍ਹਾਂ ਕੋਲੋਂ ਸਵਾਲ ਜਵਾਬ ਕੀਤੇ ਜਾਂਦੇ ਰਹੇ ਹਨ।
ਪਹਿਲਾਂ 15 ਲੋਕ ਪਾਉਂਦੇ ਸੀ ਬੋਰੀ ਦੇ ਕੱਪੜੇ: ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਹ ਬਠਿੰਡਾ ਆਏ ਸੀ ਤਾਂ ਉਨ੍ਹਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਦੌਰਾਨ ਹੀ ਉਨ੍ਹਾਂ ਵੱਲੋਂ ਬਠਿੰਡਾ ਪਹੁੰਚੇ ਜੈ ਗੁਰੂਦੇਵ ਦੇ ਪ੍ਰਵਚਨ ਸੁਣਨ ਲਈ ਗਏ ਸੀ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਇਹ ਪਹਿਰਾਵਾ ਇੱਕ ਕਰੋੜ ਦੇਸ਼ਵਾਸੀਆਂ ਨੂੰ ਪਾਉਣ ਲਈ ਕਿਹਾ ਗਿਆ ਸੀ ਅਤੇ ਕਿਹਾ ਗਿਆ ਕਿ ਜਦੋਂ ਕਲਯੁਗ ਖ਼ਤਮ ਹੋਵੇਗਾ ਉਸਦੇ ਨਾਲ ਇਹ ਪਹਿਰਾਵਾ ਨੂੰ ਛੱਡਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿਚ ਕੁੱਲ 15 ਲੋਕ ਹੀ ਇਸ ਪਹਿਰਾਵੇ ਨੂੰ ਪਹਿਨਦੇ ਸੀ ਪਰ ਅੱਜ ਦੇ ਸਮੇਂ ’ਚ ਉਹ ਇਕੱਲੇ ਹਨ ਜੋ ਆਪਣੇ ਗੁਰੂ ਦੇ ਦਿੱਤੇ ਹੋਏ ਆਦੇਸ਼ਾਂ ਦੀ ਪਾਲਣਾ ਕਰ ਰਹੇ ਹਨ।
ਲੋਕਾਂ ਨੂੰ ਚੰਗੇ ਰਸਤੇ ’ਤੇ ਚੱਲਣ ਦੀ ਕੀਤੀ ਅਪੀਲ: ਆਪਣੇ ਪਰਿਵਾਰ ਬਾਰੇ ਦੱਸਦੇ ਹੋਏ ਛਾਗੁਰ ਪ੍ਰਸ਼ਾਦ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਫੁੱਲਾਂ ਦਾ ਕਾਰੋਬਾਰ ਕਰਦਾ ਹੈ ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਪਰ ਫਿਰ ਵੀ ਉਹ ਆਪਣੇ ਗੁਰੂ ਦੇ ਦਿੱਤੇ ਹੋਏ ਆਦੇਸ਼ਾਂ ’ਤੇ ਦ੍ਰਿੜ੍ਹ ਹਨ ਭਾਵੇਂ ਸਰਦੀ ਹੋਵੇ ਭਾਵੇਂ ਗਰਮੀ ਹੋਵੇ ਉਨ੍ਹਾਂ ਵੱਲੋਂ ਇਸ ਪਹਿਰਾਵੇ ਨੂੰ ਨਹੀਂ ਛੱਡਿਆ ਜਾਂਦਾ। ਇਨ੍ਹਾਂ ਹੀ ਨਹੀਂ ਖੁਸ਼ੀ ਦੇ ਸਮਾਗਮਾਂ ਵਿੱਚ ਵੀ ਉਨ੍ਹਾਂ ਵੱਲੋਂ ਚੰਗੀ ਬੋਰੀ ਦੇ ਕੱਪੜੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਲਯੁੱਗ ਦਾ ਸਮਾਂ ਚੱਲ ਰਿਹਾ ਅਤੇ ਸਤਿਯੁੱਗ ਆਉਣ ਵਾਲਾ ਹੈ ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬੁਰਾਈਆਂ ਦੇ ਰਸਤੇ ਛੱਡ ਕੇ ਚੰਗੀਆਈ ਦੇ ਰਾਸਤੇ ਚਲਣ।
ਇਹ ਵੀ ਪੜੋ: ਗੁਰਦਾਸਪੁਰ ’ਚ ਪੁਲਿਸ ਮੁਲਾਜ਼ਮਾਂ ਨੇ ਇੰਝ ਮਨਾਇਆ ਰੱਖੜੀ ਦਾ ਤਿਉਹਾਰ