ਬਠਿੰਡਾ: ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਤੋਂ ਬਾਅਦ ਪੰਜਾਬ ਵਿੱਚ ਸੁਰੱਖਿਆ ਸਬੰਧੀ ਮੁੱਦਾ ਜਿੱਥੇ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਉੱਥੇ ਹੀ ਪੰਜਾਬ ਸਰਕਾਰ ਚੁੱਪ ਚੁਪੀਤੇ ਉਨ੍ਹਾਂ ਵਿਅਕਤੀਆਂ ਨੂੰ ਸੁਰੱਖਿਆ ਵਾਪਸ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਕੋਲੋਂ ਸੁਰੱਖਿਆ ਵਾਪਸ ਲਈ ਗਈ ਸੀ।
ਦੱਸ ਦਈਏ ਕਿ ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਵਿਧਾਇਕ ਰਹੇ ਜਗਦੇਵ ਸਿੰਘ ਕਮਾਲੂ ਜੋ ਕਿ ਪਿਛਲੇ ਕਰੀਬ ਇਕ ਹਫ਼ਤੇ ਤੋਂ ਬਿਨਾਂ ਸੁਰੱਖਿਆ ਦੇ ਰਹਿ ਰਹੇ ਸੀ, ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਭੋਗ ’ਤੇ ਜਾਣ ਲਈ ਤੋਂ ਪਹਿਲਾਂ ਇਕ ਗੰਨਮੈਨ ਵਾਪਸ ਦੇ ਦਿੱਤਾ ਗਿਆ ਸੁਰੱਖਿਆ ਦੇ ਮਾਮਲੇ ’ਤੇ ਬੁਰੀ ਤਰ੍ਹਾਂ ਘਿਰੀ ਪੰਜਾਬ ਸਰਕਾਰ ਵੱਲੋਂ ਮੁੜ ਤੋਂ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਉਪਲੱਬਧ ਕਰਵਾਈ ਜਾ ਰਹੀ ਹੈ।
ਸਾਬਕਾ ਵਿਧਾਇਕ ਦੇ ਦੋਵੇਂ ਗੰਨਮੈਨ ਵਾਪਸ ਲਏ: ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਆਮ ਆਦਮੀ ਪਾਰਟੀ ਦੀ ਚੋਣ ਲੜ ਵਿਧਾਇਕ ਬਣਨ ਵਾਲੇ ਜਗਦੇਵ ਸਿੰਘ ਕਮਾਲੂ ਜੋ ਕਿ ਬਾਅਦ ਵਿੱਚ ਸੁਖਪਾਲ ਸਿੰਘ ਖਹਿਰਾ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ ਦੀ ਐੱਮਐੱਲਏ ਸ਼ਿਪ ਖਤਮ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪ੍ਰੋਟੋਕੋਲ ਦੇ ਹਿਸਾਬ ਨਾਲ ਦੋ ਗੰਨਮੈਨ ਦਿੱਤੇ ਗਏ ਸੀ, ਪਰ ਪਿਛਲੇ ਦਿਨੀਂ ਜਗਦੇਵ ਸਿੰਘ ਕਮਾਲੂ ਤੋਂ ਇਹ ਦੋ ਗੰਨਮੈਨ ਵੀ ਵਾਪਸ ਲੈ ਲਏ ਗਏ ਅਤੇ ਕਈ ਦਿਨ ਜਗਦੇਵ ਸਿੰਘ ਕਮਾਲੂ ਸਾਬਕਾ ਵਿਧਾਇਕ ਬਿਨਾਂ ਸੁਰੱਖਿਆ ਦੇ ਹੀ ਵਿਚਰਦੇ ਰਹੇ ਹਨ।
'ਏਡੀਜੀਪੀ ਸਕਿਉਰਿਟੀ ਨੇ ਨਹੀਂ ਚੁੱਕਿਆ ਫ਼ੋਨ': ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਦੱਸਿਆ ਕਿ ਪ੍ਰੋਟੋਕੋਲ ਦੇ ਹਿਸਾਬ ਨਾਲ ਦਿੱਤੇ ਗਏ ਦੋਵੇਂ ਗੰਨਮੈਨ ਵਾਪਸ ਲਏ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਵੱਲੋਂ ਵਾਰ-ਵਾਰ ਏਡੀਜੀਪੀ ਸਕਿਉਰਿਟੀ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਡੀਜੀਪੀ ਵੱਲੋਂ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ ਗਿਆ ਜਦੋਂ ਉਨ੍ਹਾਂ ਵੱਲੋਂ ਲੈਂਡਲਾਈਨ ’ਤੇ ਫੋਨ ਕੀਤਾ ਗਿਆ ਤਾਂ ਉਨ੍ਹਾਂ ਦੇ ਰੀਡਰ ਨੇ ਕਿਹਾ ਕਿ ਉਹ ਇਸ ਬਾਬਤ ਏਡੀਜੀਪੀ ਨਾਲ ਗੱਲ ਕਰਨਗੇ ਪਰ ਫਿਰ ਵੀ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਉਨ੍ਹਾਂ ਵੱਲੋਂ ਇਸ ਬਾਬਤ ਏਡੀਜੀਪੀ ਸਕਿਉਰਿਟੀ ਨੂੰ ਮੈਸੇਜ ਕੀਤਾ ਗਿਆ ਅਤੇ ਫਿਰ ਏਡੀਜੀਪੀ ਸਕਿਉਰਿਟੀ ਵੱਲੋਂ ਉਨ੍ਹਾਂ ਦਾ ਫੋਨ ਕਰ ਕੇ ਇਕ ਗੰਨਮੈਨ ਉਨ੍ਹਾਂ ਨੂੰ ਦਿੱਤਾ ਗਿਆ ਤਾਂ ਜੋ ਉਹ ਸਿੱਧੂ ਮੂਸੇਵਾਲਾ ਦੇ ਸਸਕਾਰ ’ਤੇ ਜਾ ਸਕਣ ਕਿਉਂਕਿ ਸਾਬਕਾ ਵਿਧਾਇਕ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਸਖ਼ਤੀ ਭਰੇ ਲਹਿਜੇ ਵਿੱਚ ਏਡੀਜੀਪੀ ਸਕਿਉਰਿਟੀ ਨੂੰ ਕਿਹਾ ਗਿਆ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਸਸਕਾਰ ਤੇ ਜਾਣਾ ਹੈ ਜੇਕਰ ਕੋਈ ਗੱਲ ਹੁੰਦੀ ਹੈ ਤਾਂ ਇਸਦੇ ਜ਼ਿੰਮੇਵਾਰ ਏਡੀਜੀਪੀ ਸਕਿਉਰਿਟੀ ਹੋਣਗੇ।
'ਮੂਸੇਵਾਲਾ ਦੇ ਸਸਕਾਰ ’ਤੇ ਜਾਣ ਤੋਂ ਪਹਿਲਾਂ ਦਿੱਤਾ ਇੱਕ ਗੰਨਮੈਨ': ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਜਦੋਂ ਉਨ੍ਹਾਂ ਵੱਲੋਂ ਏਡੀਜੀਪੀ ਸਕਿਉਰਿਟੀ ਨਾਲ ਸਿੱਧੂ ਮੂਸੇਵਾਲਾ ਦੇ ਸਸਕਾਰ ’ਤੇ ਜਾਣ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਐੱਸਐੱਸਪੀ ਬਠਿੰਡਾ ਨੂੰ ਤੁਰੰਤ ਸਕਿਉਰਿਟੀ ਵਜੋਂ ਇੱਕ ਗੰਨਮੈਨ ਭੇਜਣ ਲਈ ਕਿਹਾ ਗਿਆ ਅਤੇ ਇਸ ਗੰਨਮੈਨ ਨਾਲ ਹੀ ਸਿੱਧੂ ਮੂਸੇਵਾਲਾ ਦੇ ਸਸਕਾਰ ’ਤੇ ਗਏ।
'ਸਕਿਓਰਿਟੀ ਨੂੰ ਲੈ ਕੇ ਸਰਕਾਰ ਸਾਰਿਆਂ ਲਈ ਰੱਖੇ ਇਕੋ ਪ੍ਰੋਟੋਕਾਲ': ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਭਗਵੰਤ ਮਾਨ ਸਰਕਾਰ ’ਤੇ ਵਰ੍ਹਦੇ ਹੋਏ ਕਿਹਾ ਕਿ ਜਿਸ ਹਿਸਾਬ ਨਾਲ ਸਰਕਾਰ ਵੱਲੋਂ ਸਕਿਉਰਿਟੀ ਲਿਸਟ ਨੂੰ ਜੱਗ ਜ਼ਾਹਿਰ ਕੀਤਾ ਉਸ ਕਾਰਨ ਹੀ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਦੀ ਕਤਲ ਹੋਇਆ, ਕਿਉਂਕਿ ਹਮਲਾਵਰਾਂ ਨੂੰ ਪਤਾ ਲੱਗਿਆ ਸੀ ਕਿ ਸਿੱਧੂ ਮੂਸੇਵਾਲਾ ਨਾਲ ਹੁਣ ਆਟੋਮੈਟਿਕ ਹਥਿਆਰਾਂ ਵਾਲੇ ਗੰਨਮੈਨ ਨਹੀਂ ਚੱਲ ਰਹੇ।
ਉਨ੍ਹਾਂ ਕਿਹਾ ਕਿ ਫੋਕੀ ਵਾਹ ਵਾਹ ਦੇ ਚੱਕਰ ਵਿੱਚ ਅੱਜ ਇੱਕ ਮਾਪਿਆਂ ਦਾ ਇਕਲੌਤਾ ਪੁੱਤ ਇਸ ਜਹਾਨ ਤੋਂ ਤੁਰ ਗਿਆ। ਭਗਵੰਤ ਮਾਨ ਸਰਕਾਰ ਨੂੰ ਸਿਰਫ ਵਾਹਵਾਹੀ ਹੀ ਪਸੰਦ ਹੈ ਉਨ੍ਹਾਂ ਕਿਹਾ ਕਿ ਜੇਕਰ ਇਹ ਸਕਿਉਰਿਟੀ ਵਾਪਸ ਲੈਣ ਦੀ ਲਿਸਟ ਜਨਤਕ ਨਾ ਕੀਤੀ ਹੁੰਦੀ ਤਾਂ ਸ਼ਾਇਦ ਸਿੱਧੂ ਮੂਸੇਵਾਲਾ ਅੱਜ ਦੁਨੀਆਂ ਵਿੱਚ ਜਿਊਂਦਾ ਹੁੰਦਾ।
ਇਹ ਵੀ ਪੜੋ: Sidhu Moose Wala Murder Case: ਪੰਜਾਬੀ ਗਾਇਕ ਮਨਕੀਰਤ ਨੇ ਵੀਡੀਓ ਜਾਰੀ ਕਰਕੇ ਦਿੱਤਾ ਸਪੱਸ਼ਟੀਕਰਨ