ਬਠਿੰਡਾ: ਬਾਦਲ ਪਿੰਡ ਤੋਂ ਧਰਨੇ ਤੋਂ ਪਰਤ ਰਹੇ ਕਿਸਾਨਾਂ ਦੀ ਬੱਸ ਹਾਦਸਾਗ੍ਰਸਤ ਹੋ ਗਈ। ਜਿਸ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ। ਜਦੋਂ ਕਿ 16 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੁਆਵਾਜ਼ਾ ਦਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਾ ਸ਼ੁਰੂ ਕੀਤਾ ਗਿਆ ਹੈ। ਕਿਸਾਨਾਂ ਨੇ ਸਿਆਸੀ ਆਗੂਆਂ ਵੱਲੋਂ ਸ਼ਬਦਾਂ 'ਚ ਦਿੱਤੇ ਮੁਆਵਜ਼ੇ ਦਾ ਵਿਰੋਧ ਕੀਤਾ ਹੈ।
ਜਾਣਕਾਰੀ ਮੁਤਾਬਕ ਇਸ ਸੜਕ ਹਾਦਸੇ 'ਚ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ 62 ਸਾਲਾ ਮੁਖਤਿਆਰ ਸਿੰਘ ਵਸਨੀਕ ਪਿੰਡ ਕਿਸ਼ਨਗੜ੍ਹ ਮਾਨਸਾ ਵਜੋਂ ਹੋਈ ਹੈ। 16 ਜ਼ਖਮੀ ਹੋਏ ਕਿਸਾਨਾਂ ਦਾ ਹਾਲ ਜਾਨਣ ਲਈ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਸਣੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਪੁੱਜੇ।
ਇਸ ਦੌਰਾਨ ਸੁਨੀਲ ਜਾਖੜ ਵੱਲੋਂ ਹਾਦਸੇ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਸੀ। ਕਿਸਾਨਾਂ ਨੇ ਪੀੜਤਾਂ ਲਈ ਤੁਰੰਤ ਮੁਆਵਜ਼ਾ ਜਾਰੀ ਕਰਨ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਸਿਆਸੀ ਆਗੂਆਂ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਸੁਨੀਲ ਜਾਖੜ ਸਣੇ ਪੰਜਾਬ ਸਰਕਾਰ ਦੇ ਮੰਤਰੀ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਅਸਲ 'ਚ ਉਹ ਕਿਸਾਨ ਹਿਤੈਸ਼ੀ ਨਹੀਂ ਹਨ। ਸਗੋਂ ਜਨਤਾ ਦੇ ਦਬਾਅ 'ਚ ਆ ਕੇ ਸਿਆਸੀ ਆਗੂ ਜ਼ਖਮੀਆਂ ਦਾ ਹਾਲ ਜਾਨਣ ਪੁੱਜੇ। ਕਿਸਾਨਾਂ ਨੇ ਸੁਨੀਲ ਜਾਖੜ, ਮਨਪ੍ਰੀਤ ਬਾਦਲ ਸਣੇ ਹੋਰਨਾਂ ਸਿਆਸੀ ਆਗੂਆਂ ਵੱਲੋਂ ਇਸ ਨੂੰ ਸਿਆਸੀ ਡਰਾਮਾ ਦੱਸਿਆ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਇਹ ਨੇਤਾ ਮਹਿਜ਼ ਹਸਪਤਾਲ ਜਾ ਕੇ ਸਿਆਸਤ ਕਰਕੇ ਵਾਪਸ ਚਲੇ ਗਏ। ਇਨ੍ਹਾਂ ਚੋਂ ਕੋਈ ਵੀ ਲੀਡਰ ਮੁਆਵਜ਼ੇ ਦੀ ਮੰਗ ਕਰਨ ਲਈ ਧਰਨੇ 'ਤੇ ਬੈਠੇ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕਰਨ ਨਹੀਂ ਆਇਆ। ਇਸ ਦੇ ਲਈ ਉਹ ਕਾਂਗਰਸ ਪਾਰਟੀ 'ਤੇ ਕੋਈ ਯਕੀਨ ਨਹੀਂ ਕਰਦੇ ਹਨ। ਉਨ੍ਹਾਂ ਆਖਿਆ ਕਿ ਜਦ ਤੱਕ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਜਾਂਦਾ ਉਦੋਂ ਤੱਕ ਬਠਿੰਡਾ ਦੇ ਮੇਨ ਹਾਈਵੇ ਉੱਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਗਾਤਾਰ ਧਰਨਾ ਜਾਰੀ ਰਹੇਗਾ। ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਧਰਨਾ ਕਿਸ ਰੂਪ ਵਿੱਚ ਹੋਵੇਗਾ, ਇਸ ਦੀ ਅਜੇ ਕੋਈ ਰਣਨੀਤੀ ਨਹੀਂ ਤਿਆਰ ਇਸ ਕੀਤੀ ਗਈ ਹੈ।