ਬਠਿੰਡਾ: ਸਬ-ਡਵੀਜ਼ਨ ਮੌੜ ਦੇ ਪਿੰਡ ਭਾਈ ਬਖਤੌਰ ਵਿਖੇ ਖੇਤਾਂ ਵਿਚ ਲੱਗਿਆ ਇਕ ਬੋਰਡ ਬਣ ਰਿਹਾ ਹੈ ਜੋ ਕਿ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੇ ਬੋਰਡ ਉੱਤੇ ਲਿਖਿਆ ਹੋਇਆ ਹੈ ਇੱਥੇ ਚਿੱਟਾ ਮਿਲਦਾ ਹੈ।
ਵੱਧ ਰਹੇ ਨਸ਼ਿਆਂ ਅਤੇ ਨਸ਼ਾ ਤਸਕਰਾਂ ਦੇ ਵੱਧ ਰਹੇ ਪ੍ਰਕੋਪ ਤੋਂ ਤੰਗ ਆ ਕੇ ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿੱਚ ਪਿੰਡ ਵਾਸੀਆਂ ਵੱਲੋਂ ਇਹ ਸਾਈਨ ਬੋਰਡ ਲਗਾਇਆ ਗਿਆ ਹੈ। ਪਿੰਡ ਵਾਸੀਆਂ ਦੀ ਮੰਨੀਏ ਤਾਂ ਪਿੰਡ ਵਿੱਚ ਦੁੱਧ ਜੋ ਕਿ ਲੋੜਵੰਦ ਵਸਤੂ ਹੈ ਭਾਵੇਂ ਮਿਲੇ ਜਾਂ ਨਾ ਮਿਲੇ ਪਰ ਚਿੱਟਾ ਜ਼ਰੂਰ ਮਿਲੇਗਾ।
ਪਿੰਡ ਵਾਸੀਆਂ ਨੇ ਇਸ ਬੋਰਡ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਚਿੱਟਾ ਇਥੇ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਇੱਥੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਹੁਣ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਨਸ਼ਾ ਖਤਮ ਕਰਨ ਦੀ ਬਜਾਏ ਹੋਰ ਵੱਧ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਅਤੇ ਸਿਆਸੀ ਆਗੂ ਵੀ ਕੋਈ ਸੁਣਵਾਈ ਨਹੀਂ ਕਰਦੇ।
ਪਿੰਡ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਹਨ, ਉਸੇ ਤਰ੍ਹਾਂ ਨਸ਼ੇ ਨੂੰ ਖਤਮ ਕਰਨ ਦੇ ਨਾਲ-ਨਾਲ ਨਸ਼ੇ ਦੇ ਸੌਦਾਗਰਾਂ ਖਿਲਾਫ ਸਖਤ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲਾਂ 'ਚ ਡੱਕਿਆ ਜਾਵੇ। ਜੇਕਰ ਪੰਜਾਬ ਵਿੱਚ ਨਸ਼ਾ ਖਤਮ ਨਾ ਹੋਇਆ ਤਾਂ ਪੰਜਾਬ ਦੀ ਜਵਾਨੀ ਤੇਜ਼ੀ ਨਾਲ ਖਤਮ ਹੋ ਜਾਵੇਗੀ।
ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ 'ਚ ਗੱਲ ਕਰਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ, ਜਾਂਚ ਕੀਤੀ ਜਾ ਰਹੀ ਹੈ, ਦੋਸ਼ੀ ਪਾਏ ਜਾਣ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਇਸ ਬੋਰਡ ਨੂੰ ਪਿੰਡ ਭਾਈ ਬਖਤੌਰ ਦੇ ਇਕ ਨੌਜਵਾਨ ਵੱਲੋਂ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ। ਇਸ ਰਾਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨ ਨਸ਼ੇ ਨੂੰ ਬੰਦ ਕਰਨ ਲਈ ਦਿੱਤੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਕੀਤਾ ਗਿਆ ਹੈ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੋਰਡ ਉੱਤੇ ਲਿਖਿਆ ਹੋਇਆ ਹੈ ਕਿ ਚਿੱਟਾ ਇੱਧਰ ਮਿਲਦਾ ਹੈ। ਇਸ ਵੀਡੀਓ ਰਾਹੀ ਨੌਜਵਾਨ ਨੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਅਤੇ ਜ਼ਿਲ੍ਹੇ ਬਠਿੰਡਾ ਵਿੱਚ ਚਿੱਟੇ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖਦਸ਼ਾ ਪ੍ਰਗਟ ਕੀਤਾ ਹੈ ਕਿ ਪੁਲਿਸ ਵੀਡੀਓ ਬਣਾਉਣ ਵਾਲੇ ਖਿਲਾਫ ਮਾਮਲਾ ਦਰਜ ਕਰ ਸਕਦੀ ਹੈ।
ਉੱਥੇ ਹੀ ਦੂਜੇ ਪਾਸੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀ ਕਿ ਉਨ੍ਹਾਂ ਕੋਲ ਕੋਈ ਗਿੱਦੜਸਿੰਗੀ ਨਹੀਂ ਹੈ ਕਿ ਨਸ਼ਾ ਜਲਦੀ ਬੰਦ ਹੋ ਜਾਵੇਗਾ ਇਸ ਨੂੰ ਬੰਦ ਹੋਣ ਵਿੱਚ ਸਮਾਂ ਲੱਗੇਗਾ।
ਇਹ ਵੀ ਪੜੋ: ਹਵਾਈ ਅੱਡੇ ਉੱਤੇ ਹੋਇਆ ਹੰਗਾਮਾ, ਦੁਬਈ ਤੋਂ ਅੰਮ੍ਰਿਤਸਰ ਪਹੁੰਚੇ ਜਹਾਜ਼ ਵਿੱਚੋਂ 50 ਯਾਤਰੀਆਂ ਦਾ ਸਮਾਨ ਲਾਪਤਾ !