ਬਠਿੰਡਾ: ਇੱਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਲੱਖਾਂ ਹੀ ਦਾਅਵੇ ਕਰਦੀ ਰਹੀ ਹੈ ਉੱਥੇ ਹੀ ਦੂਜੇ ਪਾਸੇ ਕਰਜੇ ਦਾ ਦੈਂਤ ਅਜੇ ਵੀ ਕਿਸਾਨਾਂ ਨੂੰ ਨਿਗਲ ਰਿਹਾ ਹੈ। ਮਾਮਲਾ ਬਠਿੰਡਾ ਦੇ ਸੰਗਤ ਮੰਡੀ ਦਾ ਹੈ ਜਿੱਥੇ ਇੱਕ ਨੌਜਵਾਨ ਕਿਸਾਨ ਅਵਤਾਰ ਸਿੰਘ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ।
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਕਿਸਾਨ ਸਿਰਫ ਚਾਰ ਏਕੜ ਦਾ ਮਾਲਿਕ ਸੀ। ਜਿਸ ’ਤੇ 5 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਨੌਜਵਾਨ ਕੁਝ ਮਹਿਨੇ ਪਹਿਲਾਂ ਹੀ ਆਪਣੀ ਭੈਣ ਦਾ ਵਿਆਹ ਕਰਕੇ ਹੱਟਿਆ ਸੀ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਵੀ ਡੇਢ ਸਾਲ ਪਹਿਲਾਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਸੀ।
ਮ੍ਰਿਤਕ ਦੇ ਚਾਚਾ ਰੇਸ਼ਮ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਕਰਜ਼ੇ ਕਾਰਨ ਪਿਛਲੇ ਲੰਮੇ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਅਤੇ ਇਸ ਤੋਂ ਪਹਿਲਾਂ ਵੀ ਅਵਤਾਰ ਸਿੰਘ ਦੇ ਪਿਤਾ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਗਈ ਸੀ। ਮ੍ਰਿਤਕ ਕੋਲ ਕਰੀਬ ਚਾਰ ਏਕੜ ਜ਼ਮੀਨ ਸੀ ਅਤੇ ਕਰੀਬ ਪੰਜ ਲੱਖ ਰੁਪਏ ਦਾ ਕਰਜ਼ਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਜਿਸ ਤਰੀਕੇ ਨਾਲ ਮੌਤ ਹੋਈ ਹੈ ਉੰਝ ਲੱਗ ਰਿਹਾ ਹੈ ਕਿ ਇਹ ਮੌਤ ਨਸ਼ੇ ਕਾਰਨ ਵੀ ਹੋਈ ਹੈ। ਰੇਸ਼ਮ ਸਿੰਘ ਨੇ ਦੱਸਿਆ ਕਿ ਪਿੰਡ ਚ ਨਸ਼ਾ ਸ਼ਰੇਆਮ ਵਿਕਦਾ ਹੈ ਜਿਸ ਕਾਰਨ ਉਨ੍ਹਾਂ ਨੇ ਸਰਕਾਰ ਕੋਲੋਂ ਮੰਦ ਕੀਤੀ ਹੈ ਕਿ ਪਿੰਡਾਂ ਚ ਵਿਕ ਰਹੇ ਨਸ਼ੇ ਨੂੰ ਬੰਦ ਕੀਤਾ ਜਾਵੇ।
ਕਾਬਿਲੇਗੌਰ ਹੈ ਕਿ ਸਰਕਾਰਾਂ ਵੱਲੋਂ ਕਿਸਾਨਾਂ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਉਨ੍ਹਾਂ ਨੇ ਕਿਸਾਨਾਂ ਦੀ ਬਾਂਹ ਫੜੀ ਹੋਈ ਹੈ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਜਾ ਰਹੀ ਹੈ। ਪੰਜਾਬ ’ਚ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਪੰਜਾਬ ਵਿਧਾਨਸਭਾ ਚੋਣਾਂ ਦੇ ਦੌਰਾਨ ਵੀ ਕਿਸਾਨੀ ਕਰਜ਼ਾ ਮੁੱਖ ਮੁੱਦਾ ਰਿਹਾ, ਸਿਆਸੀ ਲੀਡਰਾਂ ਵੱਲੋਂ ਕਿਸਾਨਾਂ ਨਾਲ ਕਈ ਵਾਅਦੇ ਵੀ ਕੀਤੇ ਜਾਂਦੇ ਹਨ ਪਰ ਇਸਦੀ ਜ਼ਮੀਨੀ ਹਕੀਕੀਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ।
ਇਹ ਵੀ ਪੜੋ: ਯੂਕਰੇਨ ਜਾ ਕੇ ਰੂਸ ਖ਼ਿਲਾਫ਼ ਜੰਗ ਲੜੇਗਾ ਅੰਮ੍ਰਿਤਸਰ ਦਾ ਇਹ ਨੌਜਵਾਨ !