ਬਠਿੰਡਾ: ਪੰਜਾਬ ਸਰਕਾਰ ਵੱਲੋਂ ਅੱਜ ਆਮ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਨੂੰ ਲੈ ਕੇ ਪੰਜਾਬ ਦੇ ਕਿਸਾਨ ਸੰਤੁਸ਼ਟ ਨਜ਼ਰ ਨਹੀਂ ਆਏ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਬਾਰੇ ਕੁਝ ਨਹੀਂ ਸੋਚਿਆ। ਕਿਸਾਨ ਆਗੂ ਨੇ ਕਿਹਾ ਕਿ 520 ਕਰੋੜ ਰੁਪਏ ਬੇ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਗੱਲ ਆਖੀ ਗਈ ਹੈ ਜੋ ਕਿ ਹਜ਼ਮ ਨਹੀਂ ਹੋ ਰਹੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਬਜਟ 'ਤੇ ਸਰਕਾਰ ਨੂੰ ਮੁੜ ਵਿਚਾਰ ਕਰ ਲੈਣਾ ਚਾਹੀਦਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ, ਚਾਹੇ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਜਾਂ ਫਿਰ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ। ਹਰ ਕੋਈ ਆਪਣਾ ਉੱਲੂ ਸਿੱਧਾ ਕਰਨ 'ਚ ਲੱਗਿਆ ਹੋਇਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਕਿਸਾਨਾਂ ਸਿਰ ਕਰਜ਼ਾ ਚੜ੍ਹਿਆ ਹੋਇਆ ਹੈ ਤੇ ਕਰਜ਼ਾ ਨਾ ਮੋੜਨ ਕਰਕੇ ਕਿਸਾਨਾਂ ਨੂੰ ਡਿਫਾਲਟਰ ਘੋਸ਼ਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਪੜ੍ਹਨ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ, ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਪੰਜਾਬ ਖਾਲੀ ਹੋ ਜਾਵੇਗਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਰੁਜ਼ਗਾਰ ਵੱਧ ਤੋਂ ਵੱਧ ਦੇਣ ਤਾਂਕਿ ਆਰਥਿਕ ਹਾਲਤ ਲੋਕਾਂ ਦੀ ਸੁਧਰ ਸਕੇ ਅਤੇ ਪੰਜਾਬ ਨੂੰ ਬਾਹਰ ਜਾਣ ਤੋਂ ਬਚਾਇਆ ਜਾ ਸਕੇ।
ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਦੇ ਦੌਰਾਨ ਇਸਤੇਮਾਲ ਹੋਣ ਵਾਲੇ ਸੰਦ ਘੱਟ ਰੇਟਾਂ 'ਤੇ ਕਿਸਾਨਾਂ ਨੂੰ ਦਿਵਾਏ ਜਾਣ। ਕਿਸਾਨਾਂ ਦੀ ਫਸਲਾਂ ਦਾ ਬੀਮਾ ਕੀਤਾ ਜਾਵੇ ਅਤੇ ਜਿਹੜੇ ਛੋਟੇ ਕਿਸਾਨ ਹਨ, ਉਨ੍ਹਾਂ ਨੂੰ ਸਰਕਾਰ ਵੱਧ ਤੋਂ ਵੱਧ ਸਬਸਿਡੀ ਦੇਵੇ ਤਾਂ ਜੋ ਉਹ ਕਿਸਾਨੀ ਕਰ ਸਕਣ।