ਬਠਿੰਡਾ: ਪੁਲਿਸ ਨੇ ਤਿਉਹਾਰਾਂ ਦੇ ਦਿਨਾਂ ਵਿੱਚ ਆਪਣੀ ਚੌਕਸੀ ਨੂੰ ਵਧਾ ਦਿੱਤਾ ਹੈ। ਅਜਿਹੇ 'ਚ ਬਠਿੰਡਾ ਪੁਲਿਸ ਦੇ ਹੱਥੇ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਨਕਲੀ ਕਰੰਸੀ ਛਾਪਣ ਵਾਲੇ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ। ਬਠਿੰਡਾ ਦੇ ਐਸਪੀ (ਡੀ) ਗੁਰਬਿੰਦਰ ਸਿੰਘ ਸੰਘਾ ਨੇ ਇਸ ਬਾਰੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।
ਜਾਣਕਾਰੀ ਦਿੰਦੇ ਹੋਏ ਗੁਰਬਿੰਦਰ ਸਿੰਘ ਸੰਘਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਬੀਤੇ ਕਲ੍ਹ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਕੋਲੋ ਸਾਢੇ 9 ਲੱਖ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 2 ਹਜ਼ਾਰ, 500, 200 ਤੇ 100-100 ਰੁਪਏ ਦੀ ਨਕਲੀ ਕਰੰਸੀ ਸ਼ਾਮਲ ਹੈ। ਮੁਲਜ਼ਮਾਂ ਦੀ ਪਛਾਣ ਸੋਨੂੰ ਤੇ ਪੰਕਜ ਵਜੋਂ ਹੋਈ ਹੈ, ਜੋ ਕਿ ਰਾਜਸਥਾਨ ਦੇ ਰਹਿਣ ਵਾਲੇ ਹਨ ਤੇ ਪੇਸ਼ੇ ਤੋਂ ਪੰਕਜ ਦੀ ਕਿਤਾਬਾਂ ਦੀ ਦੁਕਾਨ ਹੈ ਅਤੇ ਸੋਨੂੰ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ।
ਗੁਰਬਿੰਦਰ ਸਿੰਘ ਸੰਘਾ ਨੇ ਕਿਹਾ ਕਿ ਇਹ ਲੋਕ ਪਿਛਲੇ ਇੱਕ ਹਫ਼ਤੇ ਤੋਂ ਹੀ ਨਕਲੀ ਕਰੰਸੀ ਛਾਪਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕੰਮ ਦੀ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਛਾਪੇਮਾਰੀ ਕਰ ਉਨ੍ਹਾਂ ਦੋਹਾਂ ਨੂੰ ਕਾਬੂ ਕੀਤਾ ਗਿਆ ਹੈ। ਐਸਪੀ ਡੀ ਗੁਰਬਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਇਹ ਦੋਨੋਂ ਆਪਣੇ ਘਰ ਵਿੱਚ ਬੈਠੇ ਆਨਲਾਈਨ ਪੇਪਰ ਖ਼ਰੀਦ ਕੇ ਪ੍ਰਿੰਟਰ ਦੇ ਰਾਹੀਂ ਨਕਲੀ ਕਰੰਸੀ ਛਾਪਣ ਦਾ ਕੰਮ ਕਰ ਰਹੇ ਸਨ।