ਬਠਿੰਡਾ: ਆਮ ਆਦਮੀ ਪਾਰਟੀ ਦੀ ਪਹਿਲੀ ਗਾਰੰਟੀ 300 ਯੂਨਿਟ ਮੁਆਫ਼ ਕਰਨ ਤੋਂ ਬਾਅਦ ਲੋਕ ਕਾਪੀਆਂ ਲੈ ਕੇ ਮੀਟਰ ਬਕਸਿਆਂ ਦੀ ਜਾਂਚ ਕਰਨ ਪਹੁੰਚੇ ਹਨ। ਆਮ ਵਸਨੀਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਾਲੀ ਪੰਜਾਬ ਸਰਕਾਰ ਨੇ ਪਹਿਲੀ ਗਾਰੰਟੀ 300 ਯੂਨਿਟ ਮੁਆਫ਼ ਕਰਨ ਦੀ ਆੜ ਵਿੱਚ ਲੋਕਾਂ ਨਾਲ ਧੋਖਾ ਕੀਤਾ। ਆਮ ਆਦਮੀ ਪਾਰਟੀ ਨੇ ਚੌਣ ਤੋਂ ਪਹਿਲਾਂ ਸਰਕਾਰ ਬਣਨ 'ਤੇ 300 ਯੂਨੀਟ ਬਿਜਲੀ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਪਹਿਲੀ ਗਾਰੰਟੀ ਪੂਰੀ ਕਰਦੇ ਹੋਏ ਹਰ ਵਰਗ ਨੂੰ 300 ਯੂਨਿਟ ਬਿਜਲੀ ਮੁਆਫ਼ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਜਨਰਲ ਵਰਗ ਵਿੱਚ ਇਸ ਫੈਸਲੇ ਨੂੰ ਲੈ ਕੇ ਨਿਰਾਸ਼ਾ ਪਾਈ ਜਾ ਰਹੀ ਹੈ। ਜਨਰਲ ਵਰਗ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ 300 ਯੂਨਿਟ ਤੋਂ ਉਪਰ ਬਿਜਲੀ ਮੱਚਦੀ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਦੇਣਾ ਪਵੇਗਾ ਜਦੋਂ ਕਿ ਹੋਰ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਇਸ ਵਿੱਚ ਰਿਆਇਤ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਹੋਰਨਾਂ ਵਰਗਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ ਤਾਂ ਜਨਰਲ ਵਰਗ ਨੂੰ ਰਾਹਤ ਕਿਉਂ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ 300 ਯੂਨਿਟ ਬਿਜਲੀ ਹਰ ਵਰਗ ਨੂੰ ਮੁਫ਼ਤ ਦਿੱਤੀ ਜਾਵੇਗੀ ਅਤੇ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਦੀ ਗੱਲ ਨਹੀਂ ਆਖੀ ਗਈ ਸੀ। ਹੁਣ ਪਹਿਲੀ ਗਾਰੰਟੀ ਪੂਰੇ ਕਰਦੇ ਹੋਏ ਜਨਰਲ ਵਰਗ ਨਾਲ ਧੋਖਾ ਕੀਤਾ ਗਿਆ ਹੈ। ਕੇਜਰੀਵਾਲ ਦੀ ਇਸ ਗਾਰੰਟੀ ਨੇ ਹੁਣ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਕਾਪੀਆਂ ਲੈ ਕੇ ਮੀਟਰ ਚੈੱਕ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਬਠਿੰਡਾ ’ਚ 42 ਲੱਖ ਦੀ ਲੁੱਟ ਦੇ ਮਾਮਲੇ ’ਚ ਮੁਅੱਤਲ ਏਐਸਆਈ ਸ਼ਾਮਲ- ਸੂਤਰ