ਅੰਮ੍ਰਿਤਸਰ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਅੰਦੋਲਨ ਦਾ ਹਰ ਕੋਈ ਸਮਰਥਨ ਕਰ ਰਿਹਾ ਹੈ। ਕਿਸਾਨ ਅੰਦੋਲਨ ਦੇ ਹੱਕ 'ਚ ਕਈ ਸੰਗਠਨ ਕਈ ਤਰੀਕੀਆਂ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਇਸੇ ਕੜੀ 'ਚ ਅੰਮ੍ਰਿਤਸਰ ਦੇ ਦਬੁਰਜੀ ਵਿਖੇ ਨੌਜਵਾਨਾਂ ਨੇ ਕਿਸਾਨ ਅੰਦੋਲਨ ਦੇ ਹੱਕ ਵੱਖਰੇ ਕਿਸਮ ਦਾ ਲੰਗਰ ਲਾਇਆ ਹੈ।
ਇਥੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਇੱਕਠੇ ਹੋ ਕਿ ਦਿੱਲੀ ਵਿਖੇ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ 'ਚ ਜਾਣ ਵਾਲੇ ਲੋਕਾਂ ਲਈ ਡੀਜ਼ਲ ਦਾ ਲੰਗਰ ਲਾਇਆ ਹੈ। ਨੌਜਵਾਨਾਂ ਵੱਲੋਂ ਦਿੱਲੀ ਵਿਖੇ ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਲਈ ਜਾਣ ਵਾਲੇ ਕਿਸਾਨਾਂ ਦੇ ਟਰੈਕਟਰਾਂ 'ਚ ਮੁਫ਼ਤ ਡੀਜ਼ਲ ਭਰਿਆ ਜਾ ਰਿਹਾ ਹੈ।
ਇਸ ਮੌਕੇ ਡੀਜ਼ਲ ਦੇ ਲੰਗਰ ਦੀ ਸੇਵਾ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਸੂਬੇ ਦੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਇਸ ਲਈ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੀ ਜੱਥੇਬੰਦੀਆਂ, ਸੰਗਠਨ ਤੇ ਸੰਗਤ ਵੱਲੋਂ ਰਾਸ਼ਨ, ਬਿਸਤਰੇ,ਟੈਂਟ ਆਦਿ ਦੀ ਸੇਵਾ ਕੀਤੀ ਜਾ ਰਹੀ, ਪਰ ਦਿੱਲੀ ਪਹੁੰਚਣ ਲਈ ਕਿਸਾਨਾਂ ਨੂੰ ਸਭ ਤੋਂ ਵੱਧ ਡੀਜ਼ਲ ਦੀ ਲੋੜ ਹੈ। ਇਸ ਲਈ ਉਨ੍ਹਾਂ ਨੇ ਕਿਸਾਨੀ ਸੰਘਰਸ਼ ਲਈ ਦਿੱਲੀ ਜਾਣ ਵਾਲੇ ਕਿਸਾਨਾਂ ਤੇ ਲੋਕਾਂ ਲਈ ਡੀਜ਼ਲ ਦਾ ਲੰਗਰ ਲਾਇਆ ਹੈ। ਉਨ੍ਹਾਂ ਕਿਹਾ ਕਿ ਕੋਈ ਕਿਸਾਨ ਤੇ ਸੰਗਤ ਜੋ ਵੀ ਦਿੱਲੀ ਜਾਣਾ ਚਾਹੁੰਦੇ ਹਨ, ਉਹ ਉਨ੍ਹਾਂ ਕੋਲ ਆ ਕੇ ਆਪਣੀਆਂ ਗੱਡੀਆਂ 'ਚ ਡੀਜ਼ਲ ਭਰਵਾ ਸਕਦਾ ਹੈ।
ਇਸ ਮੌਕੇ ਡੀਜ਼ਲ ਭਰਵਾਉਣ ਆਏ ਕਿਸਾਨਾਂ ਨੇ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਨੂੰ ਕਿਸਾਨ ਅੰਦੋਲਨ ਲਈ ਪੂਰੀ ਮਦਦ ਮਿਲ ਰਹੀ ਹੈ। ਉਨ੍ਹਾਂ ਨੌਜਵਾਨਾਂ ਵੱਲੋਂ ਕੀਤੀ ਗਈ ਲੰਗਰ ਸੇਵਾ ਦੀ ਸ਼ਲਾਘਾ ਕੀਤੀ।
ਮੁੱਖ ਮੰਤਰੀ ਨੇ ਯੂਪੀ ਸਰਕਾਰ ਦੀ ਕੀਤੀ ਨਿਖੇਧੀ
ਜਿਥੇ ਇੱਕ ਪਾਸੇ ਪੰਜਾਬ 'ਚ ਕਿਸਾਨਾਂ ਲਈ ਪੈਟਰੋਲ ਤੇ ਡੀਜ਼ਲ ਦਾ ਲੰਗਰ ਲਾਇਆ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਉੱਤਰ ਪ੍ਰਦੇਸ਼ ਸਰਕਾਰ ਨੇ ਦਿੱਲੀ ਜਾਣ ਵਾਸੇ ਕਿਸਾਨਾਂ ਨੂੰ ਡੀਜ਼ਲ ਤੇ ਪੈਟਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਯੂਪੀ ਸਰਕਾਰ ਦੀ ਨਿਖੇਧੀ ਕੀਤੀ ਹੈ।