ਅੰਮ੍ਰਿਤਸਰ: ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਦਾ ਅਸਰ ਭਾਰਤ 'ਚ ਵੀ ਵੇਖਣ ਨੂੰ ਮਿਲਿਆ। ਚੋਣਾਂ 'ਚ ਟਰੰਪ ਨੂੰ ਮਾਤ ਦੇ ਕੇ ਜੋਅ ਬਾਇਡਨ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਬਣ ਗਏ ਹਨ। ਦੁਨੀਆ ਭਰ ਤੋਂ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸੇ ਤਹਿਤ ਅੰਮ੍ਰਿਤਸਰ ਦੇ ਇੱਕ ਨੌਜਵਾਨ ਨੇ ਪੇਂਟਿੰਗ ਬਣਾ ਕੇ ਬਾਇਡਨ ਨੂੰ ਜਿੱਤ ਦੀ ਵਧਾਈ ਦਿੱਤੀ।
ਜਗਜੀਤ ਸਿੰਘ ਰੂਬਲ ਇੱਕ ਚਿੱਤਰਕਾਰ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੇ ਇਤਿਹਾਸ ਨੂੰ ਦਰਸਾਉਣ ਲਈ ਇੱਕ ਵਿਸ਼ੇਸ਼ ਪੇਂਟਿੰਗ ਤਿਆਰ ਕੀਤੀ ਹੈ। ਉਨ੍ਹਾਂ 46ਵੇਂ ਰਾਸ਼ਟਰਪਤੀ ਬਣੇ ਬਾਇਡਨ ਨੂੰ ਤਸਵੀਰ ਬਣਾ ਕੇ ਵਧਾਈ ਦਿੱਤੀ ਹੈ।
ਜਗਜੀਤ ਨੇ ਬਾਇਡਨ ਦੀ ਪੇਂਟਿੰਗ ਤਿਆਰ ਕੀਤੀ ਹੈ, ਉਹ ਆਪਣੇ ਆਪ 'ਚ ਵੱਖਰੀ ਪਛਾਣ ਰੱਖਦੀ ਹੈ। ਉਨ੍ਹਾਂ ਨੂੰ ਇਹ ਪੇਂਟਿੰਗ ਤਿਆਰ ਕਰਨ 'ਚ ਤਕਰੀਬਨ 4 ਮਹੀਨੇ ਦਾ ਸਮਾਂ ਲੱਗਾ।
ਜਗਜੀਤ ਦੀ ਇਸ ਤਸਵੀਰ 'ਚ ਅਮਰੀਕਾ ਦੇ ਸਾਰੇ ਰਾਸ਼ਟਰਪਤੀਆਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ। ਉਨ੍ਹਾਂ ਆਪਣੀ ਇਸ ਪੇਂਟਿੰਗ 'ਚ ਅਮਰੀਕਾ ਦਾ ਝੰਡਾ ਵੀ ਬਣਾ ਕੇ ਵੱਖਰਾ ਸੰਦੇਸ਼ ਦਿੱਤਾ ਹੈ। ਇਸ ਪੇਂਟਿੰਗ ਰਾਹੀਂ ਉਨ੍ਹਾਂ ਨੇ ਅਮਰੀਕਾ ਦੇ ਅੱਗੇ ਵੱਧਣ ਅਤੇ ਭਾਰਤ ਤੇ ਅਮਰੀਕਾ ਵਿਚਾਲੇ ਮਜਬੂਤ ਸਬੰਧਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।
ਜਗਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਚਿੱਤਰਕਾਰੀ ਕਰਦੇ ਆ ਰਹੇ ਹਨ। ਉਹ ਅੰਤਰ ਰਾਸ਼ਟਰੀ ਪੱਧਰ ਅਤੇ ਬਾਲੀਵੁੱਡ ਦੇ ਕਈ ਅਦਾਕਾਰਾਂ ਦੀ ਤਸਵੀਰਾਂ ਵੀ ਤਿਆਰ ਕਰ ਚੁੱਕੇ ਹਨ। ਜਗਜੀਤ ਚਾਹੁੰਦੇ ਹਨ, ਕਿ ਉਨ੍ਹਾਂ ਵੱਲੋਂ ਅਮਰੀਕੀ ਰਾਸ਼ਟਰਪਤੀਆਂ ਦੇ ਇਤਿਹਾਸ ਨੂੰ ਦਰਸਾਉਂਦੀ ਇਹ ਪੇਂਟਿੰਗ ਵ੍ਹਾਈਟ ਹਾਊਸ 'ਚ ਲਗਾਈ ਜਾਵੇ।