ਅੰਮ੍ਰਿਤਸਰ: ਸਬ ਡਵੀਜਨ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਬਾਬਾ ਸਾਵਣ ਸਿੰਘ ਨਗਰ ਵਿਖੇ ਸੀਵਰੇਜ ਦੇ ਕੰਮ ਦੌਰਾਨ ਪਾਈਪ ਪਾਉਣ ਤੋਂ ਬਾਅਦ ਬਿਆਸ ਤੋਂ ਇਤਿਹਾਸਕ ਨਗਰੀ ਬਾਬਾ ਬਕਾਲਾ ਸਾਹਿਬ, ਦੋਲੋਨੰਗਲ, ਜੱਲੂਵਾਲ, ਲੱਖੂਵਾਲ ਆਦਿ ਪਿੰਡਾਂ ਨੂੰ ਜੋੜਦੀ ਲਿੰਕ ਸੜਕ ਦੀ ਤਰਸਯੋਗ ਹਾਲਤ ਕਾਰਣ ਲੋਕ ਡਾਹਢੇ ਪ੍ਰੇਸ਼ਾਨ ਨਜਰ ਆ ਰਹੇ ਹਨ। ਇਸ ਸਬੰਧੀ ਹਲਕਾ ਵਿਧਾਇਕ ਭਲਾਈਪੁਰ ਨੇ ਕਿਹਾ ਕਿ ਉਨ੍ਹਾਂ ਤਿੰਨ ਦਿਨ ਪਹਿਲਾਂ ਵਿਭਾਗ ਦੇ ਕੈਬਿਨੇਟ ਮੰਤਰੀ ਵਿਜੈ ਇੰਦਰਾ ਸਿੰਗਲਾ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਉਨ੍ਹਾਂ ਹਲਕੇ ਦੇ ਰੁਕੇ ਕੰਮਾਂ ਦੀ ਅਤੇ ਹਲਕੇ ਦੇ ਰਹਿੰਦੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ।
ਇਹ ਵੀ ਪੜੋ: ਰੂਪਨਗਰ ’ਚ ਬਲੈਕ ਫੰਗਸ ਦੀ ਦਸਤਕ
ਬਿਆਸ ਤੋਂ ਬਾਬਾ ਸਾਵਣ ਸਿੰਘ ਨਗਰ, ਦੋਲੋਨੰਗਲ, ਬਾਬਾ ਬਕਾਲਾ ਸਾਹਿਬ ਨੂੰ ਜਾਂਦੀ ਸੜਕ ਦਾ ਕੁਝ ਹਿੱਸਾ ਬਣਨ ਵਾਲਾ ਹੈ ਅਤੇ ਪੱਥਰ ਪੈ ਚੁੱਕਾ ਹੈ ਅਤੇ ਹੁਣ ਹਫਤੇ ਦੇ ਵਿੱਚ ਵਿੱਚ ਕੰਮ ਮੁਕੰਮਲ ਕੀਤਾ ਜਾਵੇਗਾ। ਸੀਵਰੇਜ ਕੰਮਾਂ ਵਿੱਚ ਦੇਰੀ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਸ ਦੌਰਾਨ ਸੀਵਰੇਜ ਜਦ ਪੰਚਾਇਤ ਵਲੋਂ ਪਾਇਆ ਗਿਆ ਸੀ ਤਾਂ ਉਸ ਦੀ ਸੈਟਿੰਗ ਦੁਬਾਰਾ ਕਰਨੀ ਪਈ ਹੈ, ਜਿਸ ਕਾਰਨ ਖਰਚਾ ਵੀ ਵੱਧ ਗਿਆ ਹੈ, ਕਿਉਂਕਿ ਦੁਬਾਰਾ ਲੇਅਰ ਕਰਨੀ ਪਈ ਹੈ ਅਤੇ ਹਫਤੇ ਅੰਦਰ ਕੰਮ ਮੁਕੰਮਲ ਕੀਤਾ ਜਾਵੇਗਾ।
ਸਰਪੰਚ ਨਾਲ ਗੱਲਬਾਤ ਕਰਨ ਤੇ ਵਿਕਾਸ ਕੰਮਾਂ ਵਿੱਚ ਦੇਰੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਸੀਵਰੇਜ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਸੜਕ ਉੱਪਰ ਰਹਿੰਦੇ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਘਰਾਂ ਦੇ ਰੈਂਪ ਅਤੇ ਨਾਲੇ ਦੀ ਜਗ੍ਹਾ ਛੱਡਣ ਤਾਂ ਜੋ ਕੰਮ ਕਰਵਾਇਆ ਜਾ ਸਕੇ।
ਲੋਕਾਂ ਵੱਲੋਂ ਕਥਿਤ ਸਿਆਸੀ ਕਾਰਣਾਂ ਕਰਕੇ ਕੰਮ ਲੇਟ ਹੋਣ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਸੜਕ 12 ਫੁੱਟ ਦੀ ਬਜਾਏ 18 ਫੁੱਟ ਬਣੇ, ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਨਾਲੇ ਅਤੇ ਰੈਂਪ ਦੀ ਜਗ੍ਹਾ ਛੱਡਣ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨਾਲ ਮਿਲਣ ’ਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਹਫਤੇ ਦੇ ਅੰਦਰ-ਅੰਦਰ ਕੰਮ ਮੁਕੰਮਲ ਕੀਤਾ ਜਾਵੇਗਾ।