ਅੰਮ੍ਰਿਤਸਰ: ਹਰ ਇਨਸਾਨ ਇਸੇ ਆਸ ’ਚ ਪੜਾਈ ਕਰਦਾ ਹੈ ਕਿ ਕਲ੍ਹ ਨੂੰ ਪੜ੍ਹ ਲਿਖ ਕੇ ਚੰਗੀ ਨੌਕਰੀ ’ਤੇ ਲੱਗ ਵਧੀਆ ਜੀਵਨ ਬਤੀਤ ਕਰ ਸਕੇ। ਸਾਡੀ ਜੀਵਨਸ਼ੈਲੀ ਵਿੱਚ ਪੜਾਈ ਦੀ ਬਹੁਤ ਹੀ ਮਹੱਤਤਾ ਵੀ ਹੈ, ਪਰ ਅੱਜਕਲ੍ਹ ਦੇ ਦੌਰ ’ਚ ਸਰਕਾਰੀ ਤੇ ਗੈਰ ਸਰਕਾਰੀ ਨੌਕਰੀ ਮਿਲਣਾ ਬਹੁਤ ਹੀ ਮੁਸ਼ਕਿਲ ਹੁੰਦਾ ਦਿਖਾਈ ਦੇ ਰਿਹਾ ਹੈ। ਇਸਦੀ ਤਾਜਾ ਮਿਸਾਲ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲੀ ਹੈ ਜਿਥੋਂ ਦੇ 2 ਨੌਜਵਾਨ ਐਮ.ਏ, ਬੀ.ਏ. (M.A., B.A.) ਦੀਆਂ ਡਿਗਰੀਆਂ ਲੈਣ ਦੇ ਬਾਵਜੂਦ ਵੀ ਦਿਹਾੜੀ ਕਰ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ।
ਇਹ ਵੀ ਪੜੋ: Water Saving: ਜਾਣੋ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਢੁਕਵੇਂ ਤਰੀਕੇ...
ਪੜ੍ਹਾਈ ਕਰ ਕੀਤੀ ਗਲਤੀ
ਨੌਜਵਾਨਾਂ ਨੇ ਕਿਹਾ ਕਿ ਜੇਕਰ ਅਸੀਂ ਪੜ੍ਹਾਈ ਕਰਨ ਦੀ ਬਜਾਏ ਕੋਈ ਹੱਥ ਦਾ ਹੁਨਰ ਹਾਸਲ ਕੀਤਾ ਹੁੰਦਾ ਤਾਂ ਅੱਜ ਕੋਈ ਆਪਣਾ ਕੰਮ ਕਰ ਚੰਗੇ ਪੈਸੇ ਕਮਾ ਸਕਦੇ ਸੀ, ਪਰ ਉਹਨਾਂ ਆਪਣੀ ਜ਼ਿੰਦਗੀ ਦੇ 16 ਸਾਲ ਪੜ੍ਹਾਈ ਕਰਨ ਵਿੱਚ ਖ਼ਰਾਬ ਕਰ ਲਏ ਅਤੇ ਹੁਣ ਮਿੱਟੀ ਦੇ ਘੜੇ ਦੀ ਦੁਕਾਨ ’ਤੇ ਦਿਹਾੜੀਦਾਰ ਬਣ ਕੰਮ ਕਰ ਰਹੇ ਹਨ।
ਨੌਕਰੀ ਲਈ ਮੰਗੀ ਰਿਸ਼ਵਤ ਤੇ ਸ਼ਿਫਾਰਿਸ਼
ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਮੋਢੇ ’ਤੇ ਬੈਗ ਚੁੱਕ ਸਕੂਲ ਜਾਂਦਿਆਂ ਉਹਨਾਂ ਆਪਣੇ ਭਵਿੱਖ ਲਈ ਕਈ ਸੁਪਨੇ ਸਜਾਏ ਸਨ ਤੇ ਆਪਣੀ ਜ਼ਿੰਦਗੀ ਦੇ 16 ਸਾਲ ਪੜ੍ਹਾਈ ਕਰਨ ਵਿੱਚ ਲਗਾ ਦਿੱਤੇ, ਪਰ ਜਦੋਂ ਨੌਕਰੀ ਮਿਲਣ ਦੀ ਵਾਰੀ ਆਈ ਤਾਂ ਉਹਨਾਂ ਕੋਲੋ ਪੈਸੇ ਤੇ ਸ਼ਿਫਾਰਿਸ਼ ਮੰਗੀ ਗਈ। ਨੌਜਵਾਨਾਂ ਨੇ ਕਿਹਾ ਕਿ ਉਹਨਾਂ ਕਈ ਵਾਰ ਨੌਕਰੀ ਲਈ ਅਪਲਾਈ ਕੀਤਾ, ਪਰ ਨੌਕਰੀ ਲੈਣ ਲਈ ਕੋਈ ਸਾਧਨ ਨਹੀਂ ਜੁਟਾ ਸਕੇ ਜਿਸਦੇ ਚੱਲਦੇ ਅੱਜ ਘਰ ਦੀਆਂ ਜ਼ਿੰਮੇਵਾਰੀਆਂ ਅਤੇ ਦਾਲ ਰੋਟੀ ਦੀ ਚਿੰਤਾ ਨੇ ਉਹਨਾਂ ਨੂੰ ਦਿਹਾੜੀ ਲਈ ਮਜਬੂਰ ਕੀਤਾ ਹੋਇਆ ਹੈ।
ਪੜ੍ਹਾਈ ਨਾ ਕਰਵਾਓ
ਉਥੇ ਹੀ ਨੌਜਵਾਨਾਂ ਦੇ ਪਿਤਾ ਨਰੇਸ਼ ਬਹਿਲ ਨੇ ਕਿਹਾ ਕਿ ਉਹਨਾਂ ਬੜੇ ਚਾਅਵਾ ਨਾਲ ਦੋਵੇਂ ਪੁੱਤਰਾਂ ਨੂੰ ਪੜ੍ਹਾਈ ਕਰਵਾਈ ਸੀ ਕਿ ਉਹ ਪੜ੍ਹ ਲਿਖ ਕੇ ਚੰਗੀ ਨੌਕਰੀ ’ਤੇ ਲੱਗ ਜਾਣ, ਪਰ ਸਾਡੇ ਦੇਸ਼ ਦੇ ਭ੍ਰਿਸ਼ਟਾਚਾਰ ਨਾਲ ਲਿਪਤ ਸਿਸਟਮ ਕਾਰਨ ਨੌਕਰੀਆਂ ਕਰਨਾ ਤਾਂ ਇੱਕ ਸੁਪਨਾ ਹੀ ਹੈ। ਉਹਨਾਂ ਨੇ ਕਿਹਾ ਕਿ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੀ ਬਜਾਏ ਕੋਈ ਚੰਗਾ ਕੰਮ ਸਿਖਾ ਦੇਣ।