ਅੰਮ੍ਰਿਤਸਰ : ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੋਰੋਨਾ ਪੀੜਤ ਦੋ ਮ੍ਰਿਤਕ ਮਰੀਜ਼ਾਂ ਦੀ ਦੇਹਾਂ ਬਦਲੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਮਮਾਲੇ ਵਿੱਚ ਹਸਪਤਾਲ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਅੰਮ੍ਰਿਤਸਰ ਦੀ ਪਦਮਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰੀਤਮ ਸਿੰਘ ਦੀਆਂ ਮ੍ਰਿਤਕ ਦੇਹਾਂ ਆਪਸ ਵਿੱਚ ਅਦਲ ਬਦਲ ਹੋ ਗਈਆਂ ਸਨ। ਇਸ ਨੂੰ ਲੈ ਕੇ ਦੋਵੇਂ ਪਰਿਵਾਰਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਕਈ ਤਰ੍ਹਾਂ ਦੇ ਸਾਵਲ ਖੜ੍ਹੇ ਕੀਤੇ ਹਨ।
ਹੁਸ਼ਿਆਰਪੁਰ ਦੇ 92 ਸਾਲਾਂ ਪ੍ਰੀਤਮ ਸਿੰਘ ਦੀ 17 ਜੁਲਾਈ ਨੂੰ ਕੋਰੋਨਾ ਕਾਰਨ ਮੌਤ ਹੋ ਗਈ ਸੀ ਅਤੇ ਉਸ ਸਮੇਂ ਅੰਮ੍ਰਿਤਸਰ ਵਾਸੀ ਪਦਮਾ ਨਾਮ ਦੀ 38 ਸਾਲਾਂ ਮਹਿਲਾ ਪਦਮਾ ਦੀ ਮੌਤ ਹੋ ਗਈ ਸੀ। ਗੁਰੂ ਨਾਨਕ ਦੇਵ ਹਸਪਤਾਲ ਦੀ ਲਾਪ੍ਰਵਾਹੀ ਵੇਖੋ ਕਿ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਨੂੰ ਪਦਮਾ ਦੇ ਪਰਿਵਾਰ ਵਾਲਿਆਂ ਨੂੰ ਸੌਂਪਿਆ ਗਿਆ ਜਦੋਂ ਕਿ ਪਦਮਾ ਦੀ ਮ੍ਰਿਤਕ ਦੇਹ ਨੂੰ ਹੁਸ਼ਿਆਰਪੁਰ ਭੇਜ ਦਿੱਤਾ ਗਿਆ।
ਪਦਮਾ ਦੇ ਪਰਿਵਾਰ ਨੇ ਪ੍ਰੀਤਮ ਸਿੰਘ ਨੂੰ ਪਦਮਾ ਸਮਝਿਆ ਅਤੇ ਉਸੇ ਦਿਨ ਸਸਕਾਰ ਕਰ ਦਿੱਤਾ ਗਿਆ। ਦੂਜੇ ਪਾਸੇ 18 ਜੁਲਾਈ ਨੂੰ ਪਦਮਾ ਦੀ ਦੇਹ ਪ੍ਰੀਤਮ ਸਿੰਘ ਦੀ ਦੇਹ ਦੀ ਥਾਂ 'ਤੇ ਹੁਸ਼ਿਆਰਪੁਰ ਪਹੁੰਚੀ ਤਾਂ ਸੰਸਕਾਰ ਦੀਆਂ ਸਾਰੀਆਂ ਤਿਆਰੀਆਂ ਉਥੇ ਹੀ ਕਰ ਲਈਆਂ ਗਈਆਂ ਸਨ, ਪਰ ਆਖਰੀ ਮੌਕੇ ਪਤਾ ਲੱਗਿਆ ਕਿ ਇਹ ਪ੍ਰੀਤਮ ਸਿੰਘ ਦੀ ਲਾਸ਼ ਨਹੀਂ ਹੈ।
ਜਦੋਂ ਸਿਹਤ ਵਿਭਾਗ ਨੂੰ ਅੰਮ੍ਰਿਤਸਰ ਵਿੱਚ ਇਸ ਦੀ ਵੱਡੀ ਲਾਪ੍ਰਵਾਹੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੇ ਹੱਥਾਂ ਪੈਰਾਂ ਦੀ ਪੈ ਗਈ ਅਤੇ ਸਿਹਤ ਵਿਭਾਗ ਇਸ ਬਾਰੇ ਭੜਕਿਆ। ਗੁਰੂ ਨਾਨਕ ਦੇਵ ਹਸਪਤਾਲ ਦੇ ਸੀਨੀਅਰ ਡਾਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਮੁਢਲੀ ਜਾਂਚ ਦੌਰਾਨ ਚਾਰ ਮੁਲਾਜ਼ਮ ਦੋਸ਼ੀ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਮੁੱਅਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਇਸ ਮਾਮਲੇ ਵਿੱਚ ਇੱਕ ਜਾਂਚ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ।
ਇਸ ਬਾਰੇ ਨਰਸਾਂ ਵੱਲੋਂ ਲਾਪ੍ਰਵਾਹੀ ਦੀ ਗੱਲ ਕਹੇ ਜਾਣ 'ਤੇ ਨਰਸ ਯੂਨੀਅਨ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਨਰਸਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਰਸਾਂ ਦੀ ਕੋਈ ਭੂਮਿਕਾ ਨਹੀਂ ਹੈ ਇਹ ਸਾਰਾ ਕੰਮ ਡਾਕਰਟਾਂ ਵੱਲੋਂ ਕੀਤਾ ਜਾਂਦਾ ਹੈ। ਨਰਸਾਂ 'ਤੇ ਇਸ ਮਾਮਲੇ ਵਿੱਚ ਇਲਜ਼ਾਮ ਲਗਾਉਣ ਬਹੁਤ ਗਲਤ ਹੈ।
ਦੂਜੇ ਪਾਸੇ ਇਸ ਮਾਮਲੇ ਵਿੱਚ ਮ੍ਰਿਤਕ ਪ੍ਰੀਤਮ ਸਿੰਘ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕੀਤੀ ਹੈ। ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਬਜ਼ੁਰਗ ਜਿੰਦਾ ਹਨ ਅਤੇ ਹਸਪਤਾਲ ਕੋਈ ਸਾਜ਼ਿਸ਼ ਕਰ ਰਿਹਾ ਹੈ। ਪਰਿਵਾਰ ਦੇ ਵਕੀਲ ਨੇ ਕਿਹਾ ਕਿ ਅਦਾਲਤ ਨੇ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ।