ਅੰਮ੍ਰਿਤਸਰ: ਸ਼ਹਿਰ ਵਿੱਚ ਸਮਾਰਟ ਸਕੂਲ ਦਾ ਉਦਘਾਟਨ ਕਰਨ ਪਹੁੰਚੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਵੀ ਬਾਦਲ ਨੇ ਐਸ.ਆਈ.ਟੀ. ਬਣਾਈ ਸੀ ਤੇ ਰਣਬੀਰ ਖੱਟੜਾ ਨੇ ਇਸ ਦੀ ਜਾਂਚ ਕੀਤੀ ਸੀ, ਹਾਲਾਂਕਿ ਕਿਸੇ ਵੀ ਦੋਸ਼ੀ ਨੂੰ ਫੜਿਆ ਨਹੀਂ ਸੀ।
ਅਦਾਲਤ ਵਿੱਚ ਪੇਸ਼ ਕੀਤੀ ਕਲੋਜ਼ਰ ਰਿਪੋਰਟ 'ਤੇ ਰੰਧਾਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਡੇਰਾ ਪ੍ਰੇਮੀ ਦੀ ਤਰ੍ਹਾਂ ਗੱਲਾ ਕਰ ਰਹੇ ਹਨ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਾਦਲਾਂ ਨੇ ਆਪਣੀ ਸਰਕਾਰ ਸਮੇਂ ਐਸ.ਆਈ.ਟੀ. ਬਣਾਉਣ ਦੇ ਬਾਵਜੂਦ ਕਿਸੇ ਦੋਸ਼ੀ ਨੂੰ ਨਹੀਂ ਫੜਿਆ ਪਰ ਹੁਣ ਜਦ ਕਾਂਗਰਸ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਲਿਆ ਹੈ ਤੇ ਸੁਖਬੀਰ ਬਾਦਲ ਨੂੰ ਕਿਉਂ ਤਕਲੀਫ ਹੋ ਰਹੀ ਹੈ।
ਰੰਧਾਵਾ ਨੇ ਕਿਹਾ ਕਿ ਜੇਲ੍ਹ ਵਿਭਾਗ ਨੇ ਹੁਣ ਤੱਕ 750 ਮੋਬਾਇਲ ਫ਼ੋਨ ਕੈਦੀਆਂ ਪਾਸੋਂ ਫੜ੍ਹੇ ਹਨ ਅਤੇ 6 ਜੇਲ ਕਰਮਚਾਰੀਆਂ ਨੂੰ ਵੀ ਸਸਪੈਂਡ ਕੀਤਾ ਹੈ, ਪਰ ਇਹ ਵੇਖਣਾ ਪੁਲਿਸ ਦਾ ਵੀ ਕੰਮ ਹੈ ਕਿ ਜੇਲ੍ਹ ਵਿੱਚ ਮੋਬਾਇਲ ਕਿਵੇ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਕੋਲੋਂ ਮੋਬਾਇਲ ਫੜਿਆ ਜਾਂਦਾ ਹੈ, ਪੁਲਿਸ ਦਾ ਕੰਮ ਹੈ ਕਿ ਉਸ ਦੀ ਜਾਂਚ ਪੜਤਾਲ ਕਰੇ। ਰੰਧਾਵਾ ਨੇ ਕਿਹਾ ਕਿ ਜੇਲ੍ਹ ਵਿੱਚ ਆਧੁਨਿਕ ਉਪਕਰਨ ਲਗਾਏ ਗਏ ਹਨ ਤੇ ਇਸ ਤੋਂ ਇਲਾਵਾ ਸਨਿਫਰ ਡਾਗ ਵੀ ਮੌਜੂਦ ਹਨ।
ਇਹ ਵੀ ਪੜ੍ਹੋ: 550ਵਾਂ ਪ੍ਰਕਾਸ਼ ਪੂਰਬ: ਦੇਹਰਾਦੂਨ ਪਹੁੰਚਿਆਂ ਕੌਮਾਂਤਰੀ ਨਗਰ ਕੀਰਤਨ