ਅੰਮ੍ਰਿਤਸਰ: ਸਰਵ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਦੇ ਕੱਚੇ ਦਫ਼ਤਰੀ ਕਾਮਿਆਂ ਨੇ ਕੈਬਿਨੇਟ ਮੰਤਰੀ ਓਪੀ ਸੋਨੀ ਦੀ ਕੋਠੀ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਕਾਮਿਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਦਾ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਨੂੰ ਫਰੇਮ ਕਰਵਾ ਕੇ ਪ੍ਰਦਰਸ਼ਨ ਕੀਤਾ। ਇਨ੍ਹਾਂ ਕਾਮਿਆਂ ਦੀ ਮੰਗ ਹੈ ਕਿ ਇਨ੍ਹਾਂ ਨੂੰ ਸਰਕਾਰ ਦੇ ਚੋਣਾਂ ਵਾਲੇ ਵਾਅਦੇ ਅਨੁਸਾਰ ਤੁਰੰਤ ਪੱਕਾ ਕੀਤਾ ਜਾਵੇ।
ਪ੍ਰਦਰਸ਼ਨ ਦੌਰਾਨ ਐੱਸਐੱਸਏ ਤੇ ਰਮਸਾ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਇਸ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਕਰਨ ਦੀ ਜੋ ਫਾਈਲ ਤਿਆਰ ਕੀਤੀ ਹੈ ਉਸ ਨੂੰ ਕੈਬਿਨੇਟ ਵਿੱਚ ਵਿਚਾਰਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਅੱਜ ਦੇ ਪ੍ਰਦਸ਼ਨ ਦਾ ਮਕਸਦ ਮੰਤਰੀ ਸੋਨੀ ਨੂੰ ਉਸ ਫਾਈਲ ਨੂੰ ਕੈਬਿਨੇਟ ਵਿੱਚ ਵਿਚਾਰ ਦੀ ਮੰਗ ਕਰਨਾ ਹੈ।
ਉਨ੍ਹਾਂ ਕਿਹਾ ਅਸੀਂ ਅੱਜ ਕਾਂਗਰਸ ਦੇ ਮੈਨੀਫੈਸਟੋ ਨੂੰ ਫਰੇਮ ਕਰਵਾ ਕੇ ਲੈ ਕੇ ਆਏ ਹਾਂ ਕਿਉਂ ਇਹ ਮੈਨੀਫੈਸਟੋ ਹੁਣ ਕੰਧਾਂ 'ਤੇ ਟੰਗਣ ਯੋਗਾ ਹੀ ਰਹਿ ਗਿਆ ਹੈ।
ਇਸ ਮੌਕੇ ਮੰਤਰੀ ਸੋਨੀ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਵੀ ਹਾਸਲ ਕੀਤਾ। ਮੰਤਰੀ ਸੋਨੀ ਨੇ ਕਿਹਾ ਕਿ ਸਰਕਾਰ ਇਨ੍ਹਾਂ ਨੂੰ ਪੱਕੇ ਕਰਨ ਲਈ ਵਚਨਬੰਧ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਗੱਲ ਕਰਕੇ ਇਨ੍ਹਾਂ ਦੀ ਫਾਈਲ ਨੂੰ ਜਲਦ ਹੀ ਕੈਬਿਨੇਟ ਵਿੱਚ ਵਿਚਾਰਨ ਦੀ ਬੇਨਤੀ ਕਰਨਗੇ।