ਅੰਮ੍ਰਿਤਸਰ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਆਪਣੇ ਚੋਣਵੇਂ ਅਹੁਦੇਦਾਰਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਸੁਧਾਰ ਆਰਡੀਨੈਂਸ ਸੰਵਿਧਾਨ ਦੇ ਖਿਲਾਫ਼ ਹੈ।
ਉਨ੍ਹਾਂ ਕਿਹਾ ਕਿ ਡਾ. ਬੀ.ਆਰ. ਅੰਬੇਦਕਰ ਵੱਲੋਂ ਸੰਵਿਧਾਨ ਵਿੱਚ ਰਾਜਾਂ ਅਤੇ ਕੇਂਦਰ ਸਰਕਾਰ ਦੀਆਂ ਸ਼ਕਤੀਆਂ ਬਾਰੇ ਸਪੱਸ਼ਟ ਕੀਤਾ ਹੈ, ਜਿਸ ਵਿੱਚ 7ਵੇਂ ਸ਼ਡਿਊਲ ਮੁਤਾਬਕ 14ਵੀਂ ਐਂਟਰੀ ਵਿੱਚ ਖੇਤੀ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ਼ ਰਾਜ ਸਰਕਾਰ ਕੋਲ ਹੈ ਪਰ ਮੋਦੀ ਸਰਕਾਰ ਕੋਰੋਨਾ ਦੀ ਆੜ ਵਿੱਚ ਡਿਕਟੇਟਰ ਬਣ ਕੇ ਰਾਜਾਂ ਦੇ ਅਧਿਕਾਰਾਂ 'ਤੇ ਡਾਕਾ ਮਾਰ ਰਹੀ ਹੈ।
ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਨੇ IAS ਤਬਾਦਲੇ ਲਈ ਸਿਵਲ ਸਰਵਿਸ ਬੋਰਡ ਉੱਤੇ ਖੜ੍ਹੇ ਕੀਤੇ ਸਵਾਲ
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਡਾਨੀਆਂ ਤੇ ਅੰਬਾਨੀਆਂ ਦੇ ਹੱਥ ਦੇ ਘਰ ਦੋਵੇਂ ਹੱਥੀਂ ਭਰ ਰਹੀ ਹੈ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਤੋਂ ਮੋਗਾ ਰੋਡ 'ਤੇ 2500 ਏਕੜ ਵਿੱਚ ਅਡਾਨੀਆਂ ਦਾ ਮਕੈਨੀਕਲ ਖ਼ਰੀਦ ਕੇਂਦਰ ਪਿਛਲੇ 3 ਸਾਲਾਂ ਤੋਂ ਬਣ ਰਿਹਾ ਹੈ, ਉਸ ਲਈ ਹੀ ਆਰਡੀਨੈਸ ਹੋਂਦ ਵਿੱਚ ਆਇਆ ਹੈ।
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਗੰਨਾ ਮਿੱਲਾਂ ਦੇ ਮਾਲਕਾਂ ਤੋਂ ਮੋਦੀ ਸਰਕਾਰ ਕਿਸਾਨਾਂ ਨੂੰ ਪੈਸੇ ਨਹੀਂ ਦਵਾ ਸਕੀ ਤੇ ਹੁਣ ਅਡਾਨੀਆਂ ਤੇ ਅੰਬਾਨੀਆਂ ਤੋਂ ਭਲੇ ਦੀ ਆਸ ਕਿੱਥੇ ਹੋ ਸਕਦੀ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੇ 80 ਫੀਸਦੀ ਕਿਸਾਨਾਂ ਦੀਆਂ ਜ਼ਮੀਨਾਂ ਬੈਂਕਾਂ ਕੋਲ ਗਿਰਵੀ ਹਨ ਤੇ ਹੁਣ ਇਸ ਆਰਡੀਨੈਂਸ ਨਾਲ ਕਿਸਾਨਾਂ ਦੀਆਂ ਜ਼ਮੀਨ ਦੀ ਕੁਰਕੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿੱਚ ਕਾਰਪੋਰੇਟ, ਬੈਂਕਾਂ ਤੇ ਸਰਕਾਰ ਦੀ ਭਾਈਵਾਲੀ ਹੈ।