ਅੰਮ੍ਰਿਤਸਰ: ਬੀਤੇ ਦਿਨ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੌਰਾਨ ਤਕਰੀਬਨ ਹਰੇਕ ਪਾਰਟੀ ਦੇ ਉਮੀਦਵਾਰਾਂ ਵੱਲੋਂ ਜਿੱਤ ਪ੍ਰਾਪਤ ਹੋਣ ਤੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੇ ਨਾਲ ਨਾਲ ਹੋਰਨਾਂ ਵਿਕਾਸ ਕੰਮਾਂ ਨੂੰ ਕਰਵਾਉਣ ਦਾ ਦਾਅਵਾ ਕਰਦਿਆਂ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ। ਜੋ ਕਿ ਅੱਜ ਕੱਲ੍ਹ ਦੀਆਂ ਚੋਣਾਂ ਵਿੱਚ ਕੋਈ ਅਹਿਮ ਵਾਅਦੇ ਨਹੀਂ ਮੰਨੇ ਜਾਂਦੇ। ਪੰਜਾਬ ਵਿੱਚ ਬਣੀਆਂ ਸਰਕਾਰਾਂ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਸੀ। ਜੋ ਪੂਰਾ ਨਾ ਹੋ ਸਕਿਆ।
ਜੇਕਰ ਗੱਲ ਮੌਜੂਦਾ ਹਾਲਾਤ ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ ਦਿਹਾਂਤੀ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਵਿੱਚ ਨਸ਼ੇ ਦੀ ਵਿਕਰੀ ਅਤੇ ਸੇਵਨ ਕਰਨ ਵਧ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਸਿੱਖ ਜਥੇਬੰਦੀਆਂ ਵੱਲੋਂ ਸਬ-ਡਵੀਜ਼ਨ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪ ਕੇ ਨਸ਼ੇ ਦੇ ਸੌਦਾਗਰਾਂ ਅਤੇ ਸੇਵਨ ਕਰਨ ਵਾਲਿਆਂ ਖ਼ਿਲਾਫ ਜਲਦ ਕਾਰਵਾਈ ਦੀ ਮੰਗ ਕੀਤੀ ਗਈ।
ਗੱਲਬਾਤ ਦੌਰਾਨ ਭਾਈ ਬਲਬੀਰ ਸਿੰਘ ਮੁੱਛਲ (ਮੁੱਖ ਸੇਵਾਦਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ (ਰਜਿ) ਪੰਜਾਬ ਨੇ ਕਿਹਾ ਕਿ ਅੱਜ ਬੜੇ ਦੁਖੀ ਹਿਰਦੇ ਨਾਲ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਨੂੰ ਨਸ਼ਿਆਂ ਵਿਰੁੱਧ ਕਾਰਵਾਈ ਕਰਨ ਲਈ ਮੰਗ ਪੱਤਰ ਦੇ ਕੇ ਆਏ ਹਾਂ।
ਜਿਸ ਦਾ ਕਾਰਣ ਹੈ ਕਿ ਪੰਜਾਬ ਤਾਂ ਦੂਰ ਦੀ ਗੱਲ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਜਿਸ ਨੂੰ ਸੂਬਾ ਸਰਕਾਰ ਵੱਲੋਂ ਵੀ ਇਤਿਹਾਸਕ ਨਗਰ ਦਾ ਦਰਜ਼ਾ ਦਿੱਤਾ ਗਿਆ ਹੈ ਪਰ ਇੱਥੇ ਸਮੈਕ, ਹੈਰੋਇਨ, ਨਸ਼ੀਲ਼ੀ ਗੋਲੀਆਂ ਆਦਿ ਸਣੇ ਨਸ਼ਾ ਬਹੁਤ ਵੱਧ ਚੁੱਕਾ ਹੈ ਅਤੇ ਸ਼ਰੇਆਮ ਵਿੱਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਕਾਰਣ ਪਿੰਡਾਂ ਵਿੱਚ ਸ਼ਰੇਆਮ ਮਾਵਾਂ ਦੇ ਪੁੱਤ ਮਰ ਰਹੇ ਹਨ। ਭੈਣਾਂ ਵਿਧਵਾ ਹੋ ਰਹੀਆਂ ਹਨ। ਅਸੀਂ ਡਰਦੇ ਕਰਜ਼ਾ ਚੁੱਕ ਚੁੱਕ ਕੇ ਪੰਜਾਬ ਦੀ ਜਵਾਨੀ ਨੂੰ ਵਿਦੇਸ਼ ਭੇਜ ਰਹੇ ਹਾਂ।
ਪ੍ਰਸ਼ਾਸ਼ਨ ਵੱਲੋਂ ਭਾਰੀ ਮਾਤਰਾ ਵਾਲੇ ਸੌਦਾਗਰਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਪਿੰਡਾਂ ਵਿੱਚ ਛੋਟੇ ਪੱਧਰ ਤੇ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ।ਉਨ੍ਹਾਂ ਕਿਹਾ ਕਿ ਵੋਟਾਂ ਦੌਰਾਨ ਕਿਹਾ ਜਾਂਦਾ ਹੈ ਕਿ ਪ੍ਰਸ਼ਾਸ਼ਨ ਤੇ ਹੁਣ ਦਬਾਅ ਨਹੀਂ ਹੈ ਤੇ ਪੁਲਿਸ ਕਾਰਵਾਈ ਕਰੇਗੀ ਪਰ ਅਜਿਹਾ ਨਹੀਂ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰੋਗਰਾਮ ਉਲੀਕਿਆ ਗਿਆ ਹੈ ਕਿ ਇਕੱਲਾ ਮੰਗ ਪੱਤਰ ਨਹੀਂ ਪਿੰਡਾਂ ਵਿੱਚੋਂ ਨਸ਼ਾ ਬੰਦ ਕਰਵਾਉਣ ਲਈ ਉਹ ਐਸਐਸਪੀ ਅੰਮ੍ਰਿਤਸਰ ਦਿਹਾਤੀ ਜਾਂ ਫਿਰ ਜਥੇਬੰਦੀਆਂ ਨਾਲ ਗੁਰਮਤਾ ਕਰ ਐਸਡੀਐਮ ਬਾਬਾ ਬਕਾਲਾ ਸਾਹਿਬ ਦੇ ਦਫਤਰ ਮੂਹਰੇ ਉਦੋਂ ਤੱਕ ਧਰਨਾ ਦੇਵਾਂਗੇ ਜਦੋਂ ਤੱਕ ਪਿੰਡਾਂ ਵਿੱਚੋਂ ਨਸ਼ਾ ਖਤਮ ਨਹੀਂ ਕੀਤਾ ਜਾਂਦਾ।
ਗੱਲਬਾਤ ਦੌਰਾਨ ਭਾਈ ਨਿਸ਼ਾਨ ਸਿੰਘ ਨੇ ਕਿਹਾ ਕਿ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ , ਦਮਦਮੀ ਟਕਸਾਲ ਅਤੇ ਹੋਰਨਾਂ ਜਥੇਬੰਦੀਆਂ ਦੇ ਸਿੰਘਾਂ ਨਾਲ ਰਲ ਕੇ ਐਸਡੀਐਮ ਬਾਬਾ ਬਕਾਲਾ ਸਾਹਿਬ ਨੂੰ ਨਸ਼ੇ ਦੇ ਵਿਸ਼ੇ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅੱਜ ਪਿੰਡਾਂ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਵੇਚਣ ਵਾਲਿਆਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਨਸ਼ੇ ਦੇ ਕਾਰੋਬਾਰ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਪ੍ਰੋਗਰਾਮ ਉਲੀਕੇ ਜਾਣਗੇ।
ਇਹ ਵੀ ਪੜ੍ਹੋ:- ਈਸੇਵਾਲ ਗੈਂਗਰੇਪ ਮਾਮਲੇ ’ਚ ਦੋਸ਼ੀਆਂ ਨੂੰ 4 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ