ਅੰਮ੍ਰਿਤਸਰ: ਹਰੀ ਕ੍ਰਾਂਤੀ ਦੇ ਨਾਂਅ 'ਤੇ ਪੰਜਾਬ ਵਿੱਚ ਕੀਟਨਾਸ਼ਕ ਦਵਾਈਆਂ ਦੀ ਵੱਡੇ ਪੱਧਰ ਉੱਤੇ ਵਰਤੋ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਦੀ ਧਰਤੀ ਜ਼ਹਿਰੀਲੀ ਹੋ ਰਹੀ ਹੈ। ਇਸ ਧਰਤੀ ਵਿੱਚੋਂ ਉੱਗੀਆਂ ਫ਼ਸਲਾਂ ਨੇ ਲੋਕਾਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦਾ ਨਤੀਜਾ ਪੰਜਾਬ ਕੈਂਸਰ ਦੇ ਰੂਪ ਵਿੱਚ ਭੁਗਤ ਰਿਹਾ ਹੈ। ਮੌਜੂਦਾ ਸਮੇਂ 'ਚ ਪੰਜਾਬ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਬਗੈਰ ਕੁਦਰਤੀ ਖੇਤੀ ਕਰਨ ਦੀ ਲੋੜ ਹੈ ਪਰ ਪੰਜਾਬ 'ਚ ਕੁਦਰਤੀ ਖੇਤੀ ਲਈ ਚਲਾਈ ਜਾ ਰਹੀ ਮੁਹਿੰਮ ਮੱਧਮ ਪੈਂਦੀ ਨਜ਼ਰ ਆ ਰਹੀ ਹੈ। ਜ਼ਿੰਮੇਵਾਰ ਵਰਗ ਨੇ ਵੀ ਕੁਦਰਤੀ ਖੇਤੀ ਤੋਂ ਆਪਣੇ ਹੱਥ ਪਿਛਾਂਹ ਖਿੱਚੇ ਹੋਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸਾਲ 2015 'ਚ ਕੁਦਰਤੀ ਖੇਤੀ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਖੇਤੀ ਗੁਰਦੁਆਰਾ ਸਤਲਾਣੀ ਸਾਹਿਬ ਛੇਵੀਂ ਪਾਤਸ਼ਾਹੀ ਵਿਖੇ ਚਾਲੂ ਕੀਤੀ ਗਈ। ਸਾਲ 2017 'ਚ ਖੇਤੀ ਲਈ ਰਕਬਾ ਵਧਾ ਕੇ 13 ਏਕੜ ਕਰ ਦਿੱਤਾ ਗਿਆ। ਇਥੇ ਵੱਡੇ ਪੱਧਰ ਉੱਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ। ਇਹ ਸਬਜ਼ੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਲਈ ਆਉਂਦੀ ਹੈ। ਐਸਜੀਪੀਸੀ ਵੱਲੋਂ ਇਹ ਉਪਰਾਲਾ ਸਿਰਫ਼ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਲਈ ਹੀ ਕੀਤਾ ਗਿਆ। ਕਮੇਟੀ ਮੁਤਾਬਕ ਸਪਰੇਅ ਤੋਂ ਰਹਿਤ ਸਬਜ਼ੀਆਂ ਤੇ ਫ਼ਸਲਾਂ ਰਕਬਾ ਹੋਰ ਵੀ ਵਧਾਇਆ ਜਾਵੇਗਾ।
ਐਸਜੀਪੀਸੀ ਨੇ ਕੁਦਰਤੀ ਖੇਤੀ ਦੀ ਸ਼ੂਰੁਆਤ ਭਾਵੇਂ ਵਧੀਆ ਤਰੀਕੇ ਨਾਲ ਕੀਤੀ ਪਰ ਉਨ੍ਹਾਂ ਵੱਲੋਂ ਇਹ ਪਹਿਲ ਹੋਰਨਾਂ ਗੁਰੂ ਘਰਾਂ ਤੇ ਸਿੱਖਾਂ ਲਈ ਚਾਨਣ ਮੁਨਾਰਾ ਨਹੀਂ ਬਣ ਸਕੀ। ਇਸ 'ਚ ਪ੍ਰਬੰਧਕਾਂ ਨੂੰ ਜਾਗਰੂਕ ਨਾ ਕਰਨਾ ਅਤੇ ਦ੍ਰਿੜ੍ਹ ਇਰਾਦੇ ਦੀ ਕਮੀ ਰੜਕਦੀ ਹੈ। ਜੇਕਰ ਕਮੇਟੀ ਵੱਲੋਂ ਸਿਰਫ ਗੁਰੂ ਘਰਾਂ ਦੀਆਂ ਜ਼ਮੀਨਾਂ 'ਤੇ ਹੀ ਕੁਦਰਤੀ ਖੇਤੀ ਕਰਵਾਈ ਜਾਵੇ ਤਾਂ ਨਿਜ਼ਾਮ ਦਾ ਰੁੱਖ ਬਦਲ ਸਕਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਤੇ ਪੰਜਾਬ ਤੋਂ ਬਾਹਰ ਕਈ ਥਾਵਾਂ 'ਤੇ ਖੇਤੀ ਲਈ ਕਾਫੀ ਰਕਬਾ ਹੈ। ਇਸ ਲਈ ਕਮੇਟੀ ਜੇਕਰ ਕੁਦਰਤੀ ਖੇਤੀ ਨੂੰ ਆਪਣੇ ਮਾਸਟਰ ਪਲਾਨ ਵਿੱਚ ਲਿਆਉਂਦੀ ਹੈ ਤਾਂ ਪੰਜਾਬ 'ਚ ਕੁਦਰਤੀ ਖੇਤੀ ਦੀ ਨਵੀਂ ਲਹਿਰ ਸ਼ੁਰੂ ਹੋ ਸਕਦੀ ਹੈ। ਜਿਸ ਦੇ ਨਤੀਜੇ ਬਹੁਤ ਹੀ ਸਾਰਥਕ ਨਿਕਲਣਗੇ।