ਅੰਮ੍ਰਿਤਸਰ: ਕਾਮੇਡੀਅਨ ਭਾਰਤੀ ਸਿੰਘ ਵੱਲੋਂ ਸਿੱਖਾਂ ਦੇ ਖਿਲਾਫ਼ ਬੋਲੀ ਗਈ ਸ਼ਬਦਾਵਲੀ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਭਾਰਤੀ ਸਿੰਘ ਉੱਤੇ ਐਸਜੀਪੀਸੀ ਵੱਲੋਂ 295 A ਧਾਰਾ ਤਹਿਤ ਮਾਮਲਾ ਦਰਜ ਕਰਵਾਇਆ (SGPC files FIR against comedian Bharti Singh) ਗਿਆ ਹੈ। ਉੱਥੇ ਹੀ ਐੱਸਜੀਪੀਸੀ ਦਾ ਕਹਿਣਾ ਹੈ, ਅੰਮ੍ਰਿਤਸਰ ਪੁਲਿਸ ਜਲਦ ਤੋਂ ਜਲਦ ਕਾਮੇਡੀਅਨ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੇ।
ਇਹ ਵੀ ਪੜੋ: ਪਲੇਟਾਂ ਪਿੱਛੇ ਲੜਨ ਵਾਲੇ ਅਧਿਆਪਕਾਂ ਦੀ ਆਈ ਸ਼ਾਮਤ !, ਹੋਈ ਇਹ ਕਾਰਵਾਈ...
ਐਸਜੀਪੀਸੀ ਦੇ ਐਡੀਸ਼ਨਲ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਭਾਰਤੀ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਉਹ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਕਿਉਂਕਿ ਭਾਰਤੀ ਸਿੰਘ ਨੇ ਸਿੱਖਾਂ ਦੇ ਖ਼ਿਲਾਫ਼ ਜੋ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਉਸ ਨੂੰ ਲੈ ਕੇ ਸਿੱਖਾਂ ਦੇ ਮਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਸਿੱਖ ਜਥੇਬੰਦੀਆਂ ਲਈ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਭਾਰਤੀ ਸਿੰਘ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉੱਥੇ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਪੁਲਿਸ ਪਰਮਿੰਦਰ ਸਿੰਘ ਭੰਡਾਲ ਨੇ ਐਸਜੀਪੀਸੀ ਵੱਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੇ ਆਧਾਰ ’ਤੇ ਕਾਮੇਡੀਅਨ ਭਾਰਤੀ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਅੱਗੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਸੀ ਮਾਮਲਾ: ਜ਼ਿਕਰਯੋਗ ਹੈ ਕਿ ਭਾਰਤੀ ਸਿੰਘ ਵੱਲੋਂ ਇੱਕ ਕਾਮੇਡੀ ਸ਼ੋਅ ਦੇ ਵਿੱਚ ਦਾੜ੍ਹੀ ਮੁੱਛ ਨੂੰ ਲੈ ਕੇ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਭਾਰਤੀ ਸਿੰਘ ਨੇ ਸੋਮਵਾਰ ਨੂੰ ਇੱਕ ਵੀਡੀਓ ਸਾਂਝਾ ਕੀਤਾ ਸੀ। ਜਿਸ ਚ ਉਸਨੇ ਮੁਆਫੀ ਮੰਗਦੇ ਹੋਏ ਕਿਹਾ ਕਿ 'ਮੈਂ ਕਾਮੇਡੀ ਕਰਦੀ ਹਾਂ ਲੋਕਾਂ ਨੂੰ ਖੁਸ਼ ਕਰਨ ਲਈ। ਨਾ ਕਿ ਕਿਸੇ ਦਾ ਦਿਲ ਦੁਖਾਉਣ ਲਈ। ਜੇਕਰ ਮੇਰੀ ਕਿਸੇ ਗੱਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਤਾਂ ਮੈਂ ਮਾਫ਼ੀ ਮੰਗਦੀ ਹਾਂ।'
ਆਖੀਰ ਕੀ ਕਿਹਾ ਸੀ ਭਾਰਤੀ ਨੇ: ਭਾਰਤੀ ਨੇ ਟੀਵੀ ਸ਼ੋਅ ਦੌਰਾਨ ਕਿਹਾ ਕਿ ਦਾੜ੍ਹੀ ਅਤੇ ਮੁੱਛਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ। ਦੁੱਧ ਪੀਣ ਦੇ ਬਾਅਦ ਦਾੜ੍ਹੀ ਨੂੰ ਮੂੰਹ ਵਿੱਚ ਪਾਓ ਤਾਂ ਸੇਵੀਆਂ ਦਾ ਟੇਸਟ ਆਉਂਦਾ ਹੈ। ਫਿਰ ਵੀ ਉਹ ਨਹੀਂ ਰੁਕੀ। ਉਸ ਨੇ ਦੱਸਿਆ ਕਿ ਉਸ ਦੀਆਂ ਕਈ ਸਹੇਲੀਆਂ ਦੇ ਵਿਆਹ ਹੋ ਚੁੱਕੇ ਹਨ ਅਤੇ ਉਹ ਹੁਣ ਦਾੜ੍ਹੀ ਅਤੇ ਮੁੱਛਾਂ ਵਿੱਚੋਂ ਜੂੰਆਂ ਹਟਾਉਣ ਵਿੱਚ ਰੁੱਝੀਆਂ ਰਹਿੰਦੀਆਂ ਹਨ। ਇਸ ਸ਼ਬਦਾਵਲੀ 'ਤੇ ਉਹ ਟ੍ਰੋਲ ਹੋ ਰਹੀ ਹੈ।
ਇਹ ਵੀ ਪੜੋ: ਕਿਸਾਨੀ ਧਰਨੇ ’ਤੇ CM ਮਾਨ ਦੀ ਸਖ਼ਤ ਟਿੱਪਣੀ, 'ਹਰ ਗੱਲ ਦਾ ਮਤਲਬ ਮੁਰਦਾਬਾਦ ਨਹੀਂ ਹੁੰਦਾ'