ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 324 ਸਰੂਪਾਂ ਦੇ ਮਾਮਲੇ ਨੂੰ ਲੈ ਅੱਜ ਇੱਕ ਵਾਰ ਮੁੜ ਮਹੌਲ ਤਣਾਅ ਪੂਰਨ ਹੋ ਗਿਆ ਹੈ। ਇਹ ਸਾਰਾ ਕੁਝ ਉਸ ਵੇਲੇ ਵਾਪਰਿਆ ਜਦੋਂ ਸਤਕਾਰ ਕਮੇਟੀ ਨੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੇਜ਼ਾ ਸਿੰਘ ਸਮੁੰਦਰੀ ਹਾਲ ਨੂੰ ਜਿੰਦਰਾ ਜੜ ਦਿੱਤਾ। ਇਸੇ ਦੌਰਾਨ ਸਤਕਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਕਾਰ ਹਿੰਸਕ ਝੜਪ ਹੋ ਗਈ। ਇਸ ਝੜਪ ਦੌਰਾਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਤੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ।
ਜਾਣਕਾਰੀ ਅਨੁਸਾਰ ਸਤਕਾਰ ਕਮੇਟੀ ਦੇ ਕਾਰਕੁੰਨਾਂ ਨੇ ਜਿੰਦਰਾ ਮਾਰਣ ਤੋਂ ਬਾਅਦ ਧਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦਾ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ, ਜਿਸ ਦੌਰਾਨ ਟਾਕਸ ਫੋਰਸ ਨੇ ਜ਼ਬਰਦਸਤੀ ਕਰਕੇ ਹੋਏ ਧਰਨੇ ਚੁੱਕ ਦਿੱਤਾ। ਇਸੇ ਦੌਰਾਨ ਸਤਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਕਈ ਕਾਰਕੁੰਨਾਂ ਦੇ ਸੱਟਾਂ ਵੱਜੀਆਂ ਹਨ।
ਇਸ ਸਾਰੇ ਮੁੱਦੇ ਨੂੰ ਲੈ ਸ਼੍ਰੋਣਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਲੌਂਗੋਵਾਲ ਨੇ ਇਸ ਸਾਰੀ ਵਾਰਦਾਤ ਲਈ ਸਤਕਾਰ ਕਮੇਟੀ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲੌਂਗੋਵਾਲ ਨੇ ਕਿਹਾ ਕਿ ਸਤਕਾਰ ਕਮੇਟੀ ਦੇ ਕਾਰਕੁੰਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ 'ਤੇ ਹਮਲਾ ਕੀਤਾ ਹੈ ਅਤੇ ਇਸ ਵਿੱਚ ਕਮੇਟੀ ਦੇ ਕਈ ਮੁਲਾਜ਼ਮ ਜ਼ਖਮੀ ਹੋਏ ਹਨ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਫੜ੍ਹ ਗਏ ਪੱਤਰਕਾਰ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਉਸ ਦੀ ਪੱਗ ਉਤਾਰਣ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤ ਪੱਤਰਕਾਰ ਨੇ ਕਿਹਾ ਕਿ ਮੁਲਾਜ਼ਮਾਂ ਨੇ ਉਸ ਨੂੰ ਮੰਦੇ ਸ਼ਬਦ ਵੀ ਬੋਲੇ ਹਨ। ਇਸ ਮਗਰੋਂ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰ ਨਾਲ ਹੋਈ ਬਦਸਲੂਕੀ ਦੇ ਮਾਮਲੇ ਵਿੱਚ ਮੁਆਫੀ ਵੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਅਚਾਨਕ ਅਤੇ ਅਣਜਾਣ ਪੁਣੇ ਵਿੱਚ ਹੋਈ ਹੈ।
ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਘਟਨਾ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਕੈਮਰੇ ਆਦਿ ਵੀ ਖੋਹ ਲਏ। ਇਸ ਦੌਰਾਨ ਟਾਸਕ ਫੋਰਸ ਦੀ ਗੁੰਡਾਗਰਦੀ ਸ਼ਰੇਆਮ ਵੇਖਣ ਨੂੰ ਮਿਲੀ । ਟਾਸਕ ਫੋਰਸ ਦੀ ਇਸ ਕਾਰਵਾਈ ਵਿਰੁੱਧ ਪੱਤਰਕਾਰ ਭਾਈਚਾਰੇ ਵੱਲੋਂ ਸ਼੍ਰੋਮਣੀ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਟਾਸਕ ਫੋਰਸ ਦੇ ਕਰਮੀ ਇੱਕ ਪੱਤਰਕਾਰ ਨੂੰ ਵੀ ਆਪਣੇ ਨਾਲ ਦਫ਼ਤਰ ਦੇ ਅੰਦਰ ਲੈ ਗਏ, ਜਿਸ ਕੇ ਪੱਤਰਕਾਰ ਭਾਈਚਾਰੇ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਭਾਰੀ ਪੁਲਿਸ ਬਲ ਦੀ ਤਨਾਇਤੀ ਕਰ ਦਿੱਤੀ ਗਈ ਹੈ।