ਅੰਮ੍ਰਿਤਸਰ: 1984 ਵਿੱਚ ਹੋਏ ਘੱਲੂਘਾਰੇ ਕਰਕੇ ਜੂਨ ਦੇ ਪਹਿਲੇ ਹਫ਼ਤੇ ਹਰ ਸਾਲ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦਾ ਮਾਹੌਲ ਤਣਾਅ ਵਾਲਾ ਬਣ ਜਾਂਦਾ ਹੈ। ਕਿਉਂਕਿ ਇਸ ਦਿਨ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਰੋਸ ਮਾਰਚ ਤੇ ਅਰਦਾਸ ਕੀਤੀ ਜਾਂਦੀ ਹੈ। ਇਸ ਸਾਲ ਕੋਰੋਨਾ ਕਰਕੇ ਬਹੁਤ ਹੀ ਘੱਟ ਗਿਣਤੀ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਸਮਰਥਕ) ਨੂੰ 2 ਘੰਟੇ ਖੱਜਲ ਖੁਆਰ ਹੋਣਾ ਪਿਆ। ਪੁਲਿਸ ਵੱਲੋਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਗੇਟ ਉੱਤੇ ਰੋਕੀ ਰੱਖਿਆ ਗਿਆ। ਇਸ ਮੌਕੇ ਖ਼ਾਲਿਸਤਾਨ ਦੇ ਨਾਅਰੇ ਵੀ ਲੱਗਾਏ ਗਏ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਦੋਸ਼ ਲਾਇਆ ਕਿ ਪੁਲਿਸ ਅਤੇ ਪੰਜਾਬ ਸਰਕਾਰ ਸਿੱਖਾਂ ਨੂੰ ਦਰਬਾਰ ਸਾਹਿਬ ਮੱਥਾ ਨਹੀਂ ਟੇਕਣ ਦੇਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ। ਆਪਣੇ ਨਾਲ ਬਹੁਤ ਹੀ ਘੱਟ ਪਾਰਟੀ ਵਰਕਰਾਂ ਨੂੰ ਲੈ ਕੇ ਆਏ ਫਿਰ ਵੀ ਪੁਲਿਸ ਪ੍ਰਸ਼ਾਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕੀਤੇ ਵਾਰਾਂ ਵਾਅਦਿਆਂ ਤੋਂ ਭੱਜ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੇ ਸਪੁੱਤਰ ਇਮਾਨ ਸਿੰਘ ਮਾਨ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਖਾਲਿਸਤਾਨ ਦਾ ਨਾਅਰਾ ਕਿਤੇ ਵੀ ਲਾਇਆ ਜਾ ਸਕਦਾ ਹੈ। ਪੁਲਿਸ ਅਧਿਕਾਰੀ ਉਨ੍ਹਾਂ ਨੂੰ ਦਰਬਾਰ ਸਾਹਿਬ ਤੋਂ ਜਾਣ ਤੋਂ ਰੋਕ ਰਹੇ ਹਨ। ਉਨ੍ਹਾਂ ਦੀ ਲਿਸਟ ਬਣਾ ਕੇ ਯੂਐੱਨਓ ਨੂੰ ਸ਼ਿਕਾਇਤ ਕੀਤੀ ਜਾਵੇਗੀ।
ਦੋ ਘੰਟਿਆਂ ਦੇ ਰੌਲੇ ਰੱਪੇ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਮਾਨ ਸਮਰਥਕਾਂ ਨੂੰ ਦਰਬਾਰ ਸਾਹਿਬ ਜਾਣ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ""ਖਾਲਿਸਤਾਨ ਡੇ"" ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਵੀ ਵੱਡਾ ਇੱਕਠ ਰਿਹਾ।