ਅੰਮ੍ਰਿਤਸਰ : ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸਵਰੂਪ ਕੁਮਾਰ ਸ਼ਾਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਕੀਰਤਨ ਸੁਣਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਰੂਹਾਨੀਅਤ ਦੇ ਇਸ ਜਗ੍ਹਾ ਉੱਤੇ ਆ ਕੇ ਮਨ ਨੂੰ ਸ਼ਾਂਤੀ ਮਿਲੀ ਹੈ। ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਮਿਲੀ ਉਸ ਨੂੰ ਤਨ ਮਨ ਧਨ ਦੇ ਨਾਲ ਨਿਭਾਉਣਗੇ ਅਤੇ ਬੈਂਕ ਦੀਆਂ ਨੀਤੀਆਂ ਨੂੰ ਗਾਹਕਾਂ ਤੱਕ ਪਹੁੰਚਾ ਕੇ ਬੈਂਕ ਦੀ ਤਰੱਕੀ ਦੇ ਲਈ ਦਿਨ ਰਾਤ ਕੰਮ ਕਰਾਂਗੇ। ਅੱਜ ਅਸੀਂ ਗੁਰੂ ਘਰ ਤੋਂ ਅਸ਼ੀਰਵਾਦ ਲੈਣ ਲਈ ਆਏ ਹਾਂ। ਜਿਹੜੀ ਜ਼ਿੰਮੇਵਾਰੀ ਸਾਨੂੰ ਮਿਲੀ ਹੈ ਉਹ ਸਹੀ ਢੰਗ ਨਾਲ ਨਿਭਾ ਸਕੀਏ।
ਦੱਸ ਦਈਏ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਐਮਡੀ ਅਤੇ ਸੀਈਓ ਵਜੋਂ ਗੈਰ ਸਿੱਖ ਦੀ ਤਾਇਨਾਤੀ ’ਤੇ ਇਤਰਾਜ਼ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਐਮਡੀ ਅਤੇ ਸੀਈਓ ਵਜੋਂ ਇਕ ਗੈਰ ਸਿੱਖ ਨੂੰ ਨਿਯੁਕਤ ਕਰਨ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਹਾਲ ਹੀ ਵਿਚ ਭਾਰਤ ਸਰਕਾਰ ਵੱਲੋਂ ਸਵਰੂਪ ਕੁਮਾਰ ਸਾਹਾ ਨੂੰ ਇਸ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ 1908 ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਸਿੱਖਾਂ ਦੇ ਇੱਕ ਸੁਤੰਤਰ ਬੈਂਕ ਦੇ ਸੁਪਨੇ ਵਜੋਂ ਹੋਈ ਸੀ ਅਤੇ ਚੀਫ ਖ਼ਾਲਸਾ ਦੀਵਾਨ ਨਾਲ ਸਬੰਧਤ ਸਿੱਖ ਬੁੱਧੀਜੀਵੀਆਂ ਵੱਲੋਂ ਲਿਆ ਗਿਆ, ਇਹ ਫੈਸਲਾ ਸਿੱਖ ਕੌਮ ਲਈ ਬੇਹੱਦ ਅਹਿਮ ਸੀ। ਇਸ ਬੈਂਕ ਨੂੰ ਸਿੱਖ ਬੈਂਕ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੇ ਸਿਖਰਲੇ ਅਹੁਦੇ ’ਤੇ ਇਕ ਸਿੱਖ ਨੂੰ ਹੀ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ।
ਇਸ ਸਬੰਧ ਵਿਚ ਬੈਂਕ ਦੇ ਕੌਮੀਕਰਨ ਮੌਕੇ ਵੀ ਸਹਿਮਤੀ ਬਣੀ ਸੀ ਪਰ ਦੁੱਖ ਦੀ ਗੱਲ ਹੈ ਕਿ ਅਜਿਹਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸ੍ਰੀ ਸਵਰੂਪ ਕੁਮਾਰ ਸਾਹਾ ਦੀ ਨਿਯੁਕਤੀ ਤੋਂ ਪਹਿਲਾਂ ਵੀ ਸਿੱਖ ਰਵਾਇਤਾਂ ਦਾ ਪਾਲਣ ਨਹੀਂ ਕੀਤਾ ਗਿਆ ਸੀ ਅਤੇ ਹੁਣ ਫਿਰ ਅਜਿਹਾ ਕੀਤਾ ਗਿਆ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਇਸ ਬੈਂਕ ਦੀ ਸਥਾਪਨਾ ਪਿੱਛੇ ਸਿੱਖ ਸ਼ਖ਼ਸੀਅਤਾਂ ਦੀ ਸੋਚ ਅਤੇ ਇਸ ਦੇ ਕੌਮੀਕਰਨ ਸਮੇਂ ਬਣੀ ਰਾਇ ਨੂੰ ਦਰਕਿਨਾਰ ਕਰਨਾ ਠੀਕ ਨਹੀਂ ਅਤੇ ਬੈਂਕ ਦੇ ਸਿਖਰਲੇ ਅਹੁਦੇ ’ਤੇ ਸਿੱਖ ਨੂੰ ਹੀ ਲਗਾਇਆ ਜਾਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਸਿੱਖ ਬੈਂਕ ਵਜੋਂ ਜਾਣੇ ਜਾਂਦੇ ਪੰਜਾਬ ਐਂਡ ਸਿੰਧ ਬੈਂਕ ਦੇ ਐਮਡੀ ਅਤੇ ਸੀਈਓ ਦੇ ਤੌਰ ’ਤੇ ਇੱਕ ਸਿੱਖ ਦੀ ਨਿਯੁਕਤੀ ਕਰਨ ਵੱਲ ਗੌਰ ਕਰਨ ਤਾਂ ਜੋ ਇਸ ਬੈਂਕ ਦੀ ਸਥਾਪਨਾ ਨਾਲ ਜੁੜੀਆਂ ਰਵਾਇਤਾਂ ਦੀ ਲਗਾਤਾਰ ਬਰਕਰਾਰ ਰਹਿਣ।
ਇਹ ਵੀ ਪੜ੍ਹੋ : ਕੁਲਗਾਮ 'ਚ ਮੁੱਠਭੇੜ ਜਾਰੀ, ਇਕ ਅੱਤਵਾਦੀ ਢੇਰ