ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਕਾਰਨ ਕਈ ਦੇਸ਼ਾਂ ਨੇ ਆਪਣੀ ਸਰਹੱਦਾਂ ਸੀਲ ਕਰ ਲਈਆਂ ਸੀ। ਜਿਸ ਕਾਰਨ ਕਈ ਲੋਕ ਦੂਜੇ ਦੇਸ਼ਾਂ ’ਚ ਫਸ ਗਏ। ਪਰ ਹੁਣ ਜਦੋ ਲੌਕਡਾਊਨ ਖੁੱਲ੍ਹ ਗਿਆ ਹੈ ਤਾਂ ਵੀ ਕੁਝ ਲੋਕਾਂ ਨੂੰ ਆਪਣੇ ਦੇਸ਼ ਚ ਦਾਖਿਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਪਾਕਿਸਤਾਨ ਤੋਂ ਭਾਰਤ ਆਇਆ ਇੱਕ ਪਰਿਵਾਰ ਆਪਣੇ ਘਰ ਜਾਣ ਨੂੰ ਤਰਸ ਰਿਹਾ ਹੈ ਪਰ ਪਾਕਿਸਤਾਨ ਸਰਕਾਰ ਉਸ ਨੂੰ ਦੇਸ਼ ਚ ਦਾਖਿਲ ਹੋਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ। ਪਰਿਵਾਰ ਵੱਲੋਂ ਲਗਾਤਾਰ ਅਧਿਕਾਰੀਆਂ ਨੂੰ ਗੁਹਾਰ ਲਗਾਈ ਜਾ ਰਹੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਕੋਲ ਪਹੁੰਚ ਸਕਣ, ਪਰ ਇਸਦੇ ਬਾਵਜੁਦ ਵੀ ਉਸ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
'ਬਿਨਾਂ ਪਾਸਪੋਰਟ ਤੋਂ ਨਹੀਂ ਮਿਲੀ ਐਂਟਰੀ'
ਦਰਅਸਲ ਪਾਕਿਸਤਾਨ ਤੋਂ ਆਇਆ ਪਰਿਵਾਰ ਕੋਰੋਨਾ ਅਤੇ ਲੌਕਡਾਊਨ ਕਾਰਨ ਪਿਛਲੇ ਢਾਈ ਮਹੀਨਿਆਂ ਤੋਂ ਭਾਰਤ-ਪਾਕਿ ਨੂੰ ਜੋੜਨ ਵਾਲੀ ਅੰਮ੍ਰਿਤਸਰ ਦੀ ਅਟਾਰੀ-ਵਾਹਗਾ ਸਰਹੱਦ (Attari Border) 'ਤੇ ਰੁੱਕੇ ਹੋਏ ਸੀ। ਇਸ ਦੌਰਾਨ ਇਸ ਪਰਿਵਾਰ ’ਚ ਇੱਕ ਬੱਚੇ ਨੇ ਜਨਮ ਲਿਆ ਜਿਸ ਕਾਰਨ ਪਰਿਵਾਰ ਸਰਹੱਦ ਪਾਰ ਨਹੀਂ ਜਾ ਸਕਿਆ। ਕਿਉਂਕਿ ਨਵਜੰਮਾ ਬੱਚੇ ਦਾ ਪਾਸਪੋਰਟ (new born has no passport) ਨਹੀਂ ਸੀ। ਜਿਸ ਕਾਰਨ ਉਸ ਪਰਿਵਾਰ ਨੂੰ ਬੱਚੇ ਸਮੇਤ ਪਾਕਿਸਤਾਨ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਬੱਚੇ ਦਾ ਨਾਂ ਰੱਖਿਆ 'ਬਾਰਡਰ' ਨਾਂਅ
ਪਾਕਿਸਤਾਨ ਦੇ ਪਿੰਡ ਰਾਜਨਪੁਰਾ ਦੇ ਰਹਿਣ ਵਾਲੇ ਬਾਲਮ ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ 2 ਦਸੰਬਰ ਜਣੇਪੇ ਦਾ ਦਰਦ ਹੋਇਆ। ਜਿਸ ਕਰਕੇ ਉਸ ਦੀ ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਬਾਲਮ ਰਾਮ ਨੇ ਆਪਣੇ ਪੁੱਤਰ ਨਾਂ ਬਾਰਡਰ ਰੱਖਣ ਦਾ ਫੈਸਲਾ ਕੀਤਾ। ਉਸ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਨੂੰ ਵੱਡੇ ਹੋ ਕੇ ਯਾਦ ਰਹੇਗਾ ਕਿ ਉਸ ਦਾ ਨਾਂ ਇਹ ਕਿਸ ਤਰ੍ਹਾਂ ਰੱਖਿਆ ਗਿਆ ਸੀ।
ਕੇਂਦਰ ਸਰਕਾਰ ਤੋਂ ਪਾਕਿਸਤਾਨ ਭੇਜਣ ਦੀ ਅਪੀਲ
ਬਾਲਮ ਰਾਮ ਨੇ ਦੱਸਿਆ ਕਿ ਅਸੀਂ ਕੇਂਦਰ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਸਾਡੇ ਕੋਲ ਨਾ ਕੁੱਝ ਖਾਣ ਨੂੰ ਹੈ ਅਤੇ ਨਾ ਹੀ ਕੋਈ ਪੈਸਾ ਹੈ। ਪਰ ਬਾਰਡਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੇ ਦਾ ਪਾਸਪੋਰਟ ਬਣਾਇਆ ਜਾਵੇ। ਫਿਰ ਹੀ ਤੁਸੀ ਪਾਕਿਸਤਾਨ ਜਾ ਸਕਦੇ ਹੋ। ਬਾਲਮ ਰਾਮ ਦਾ ਕਹਿਣਾ ਹੈ ਕਿ ਸਾਡੇ ਕੋਲ ਪਾਸਪੋਰਟ ਬਣਾਉਣ ਜੋਗੇ ਪੈਸੇ ਨਹੀਂ ਹਨ, ਅਸੀਂ ਪਾਸਪੋਰਟ ਕਿਸ ਤਰ੍ਹਾਂ ਬਣਾ ਸਕਦੇ ਹਾਂ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਬਾਕੀ ਪਰਿਵਾਰ ਪਾਕਿਸਤਾਨ ਵਿੱਚ ਜਾ ਰਹੇ ਹਨ ਤੇ ਸਾਨੂੰ ਵੀ ਕਿਸੇ ਤਰੀਕੇ ਨਾਲ ਉਨ੍ਹਾਂ ਦੇ ਨਾਲ ਸਾਡੇ ਵਤਨ ਸਾਨੂੰ ਵਾਪਸ ਭੇਜਿਆ ਜਾਵੇ ਤਾਂ ਜੋ ਅਸੀਂ ਆਪਣੇ ਵਤਨ ਆਪਣੇ ਘਰ ਜਾ ਸਕੀਏ।
ਇਹ ਵੀ ਪੜੋ: ਵਾਹਗਾ ਬਾਰਡਰ 'ਤੇ ਬੱਚੇ ਨੇ ਲਿਆ ਜਨਮ, ਨਾਂ ਰੱਖਿਆ ਬਾਰਡਰ, ਜਾਣੋ ਕਿਉਂ ?
ਕੋਰੋਨਾ ਕਾਰਨ ਭਾਰਤ ਫਸਿਆ ਇੱਕ ਪਾਕਿਸਤਾਨੀ ਸਮੂਹ
ਕਾਬਿਲੇਗੌਰ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਤੋਂ ਪਹਿਲਾਂ, ਹਿੰਦੂਆਂ ਦਾ ਇੱਕ ਸਮੂਹ ਪਾਕਿਸਤਾਨ ਤੋਂ ਭਾਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਹਿੰਦੂ ਮੰਦਰਾਂ ਦੇ ਦਰਸ਼ਨਾਂ ਲਈ ਆਇਆ ਸੀ। ਪਰ ਭਾਰਤ ਵਿੱਚ ਵੀਜ਼ੇ ਦੀ ਮਿਆਦ ਖਤਮ ਹੋਣ ਅਤੇ ਜ਼ਰੂਰੀ ਦਸਤਾਵੇਜ਼ਾਂ ਪੂਰੇ ਨਾ ਹੋਣ ਕਰਕੇ ਆਪਣੇ ਦੇਸ਼ ਵਾਪਸ ਨਹੀਂ ਜਾ ਸਕਿਆ ਸੀ। ਜਿਸ ਕਾਰਨ ਪਾਕਿਸਤਾਨੀ ਸਮੂਹ ਅੰਮ੍ਰਿਤਸਰ ਦੀ ਅਟਾਰੀ-ਵਾਹਗਾ ਸਰਹੱਦ 'ਤੇ ਰੁਕਿਆ ਹੋਇਆ ਸੀ।