ਬਟਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪਵਿੱਤਰ ਜਗ੍ਹਾ ਗੁਰਦੁਆਰਾ ਅੱਚਲ ਸਾਹਿਬ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅੱਚਲ ਬਟਾਲੇ ਦੀ ਥਾਂ 'ਤੇ ਮਾਰਚ 1526 ਈਸਵੀ ਨੂੰ ਸ਼ਿਵਰਾਤਰੀ ਦੇ ਮੇਲੇ ਮੌਕੇ ਜੋਗੀਆਂ ਨਾਲ ਸਿੱਧ ਗੋਸ਼ਟ ਦੀ ਚਰਚਾ ਕਰਨ ਲਈ ਆਏ ਸਨ।
ਇਸ ਮੇਲੇ ਦਾ ਹਵਾਲਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਮਿਲਦਾ ਹੈ। ਜੋਗੀ ਭੰਗਰ ਨਾਥ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਸੰਸਾਰੀ ਲੋਕਾਂ ਵਾਂਗ ਕਿਉਂ ਵਿਚਰਦੇ ਹੋ?

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਗ੍ਰਹਿਸਤੀ ਬੰਦਾ ਵੀ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ ਅਤੇ ਤੁਸੀਂ ਉਨ੍ਹਾਂ ਦੇ ਘਰ ਹੀ ਮੰਗਣ ਜਾਂਦੇ ਹੋ। ਇਹ ਜਵਾਬ ਸੁਣ ਕੇ ਭੰਗਰਨਾਥ ਦੀ ਨਿਸ਼ਾ ਹੋ ਗਈ।

ਉਹ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਪਿਆ। ਇਸ ਮੌਕੇ ਗੁਰੂ ਸਾਹਿਬ ਨੇ ਸ਼ਬਦ ਰੂਪੀ ਅੰਮ੍ਰਿਤ ਨਾਲ ਤਪਦੇ ਦਿਲਾਂ ਵਿੱਚ ਠੰਡ ਪਾਈ ਅਤੇ ਯੋਗੀਆਂ ਨੂੰ ਸਿੱਧੇ ਰਾਹ ਪਾਇਆ। ਇਸ ਮੌਕੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਦਾਤਣ ਧਰਤੀ ਵਿੱਚ ਲਾ ਦਿੱਤੀ, ਜਿਸ ਦਾ ਦਰੱਖਤ ਬੇਰੀ ਹੁਣ ਵੀ ਗੁਰੂ ਘਰ ਵਿੱਚ ਮੌਜੂਦ ਹੈ।

ਇਸ ਪਵਿੱਤਰ ਜਗ੍ਹਾ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਮੌਕੇ ਆਏ, ਉਨ੍ਹਾਂ ਇੱਥੇ ਅੱਠ ਭੁਜੀ ਖੂਹੀ ਬਣਵਾਈ। ਇਸ ਪਵਿੱਤਰ ਜਗ੍ਹਾ ਉੱਪਰ ਹਰ ਸਾਲ ਮੱਸਿਆ ਕੱਤਕ ਤੋਂ 9-10 ਦਿਨਾਂ ਬਾਅਦ ਨੌਵੀਂ/ਦਸਵੀਂ ਦਾ ਭਾਰੀ ਜੋੜ ਮੇਲਾ ਲੱਗਦਾ ਹੈ।