ਅੰਮ੍ਰਿਤਸਰ: ਅਕਤੂਬਰ 2018 'ਚ ਦੁਸ਼ਹਿਰੇ ਮੌਕੇ ਅੰਮ੍ਰਿਤਸਰ ਦੇ ਜੋੜਾ ਫਾਟਕ 'ਚ ਰੇਲ ਹਾਦਸੇ 'ਚ 60 ਦੇ ਕਰੀਬ ਲੋਕਾਂ ਦੀ ਜਾਨ ਗਈ ਸੀ। ਜਿੰਨਾਂ 'ਚ 34 ਪੀੜ੍ਹਤਾਂ ਨੂੰ ਸਰਕਾਰ ਵਲੋਂ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਸਬੰਧੀ ਸਰਕਾਰ ਵਲੋਂ ਸਬੰਧਿਤ ਵਿਭਾਗਾਂ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵਲੋਂ ਸਕੱਤਰ ਪ੍ਰਸੋਨਲ ਰਾਹੀ ਇਹ ਪੱਤਰ ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਸਰਜਨ, ਨਗਰ ਨਿਗਮ, ਇੰਪਰੂਵਮੈਂਟ ਟਰੱਸਟ ਅਤੇ ਸਿੱਖਿਆ ਵਿਭਾਗ ਨੂੰ ਭੇਜੇ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਦੁਸ਼ਹਿਰੇ ਵਾਲੇ ਦਿਨ ਸਾਲ 2018 'ਚ ਇਹ ਹਾਦਸਾ ਹੋਇਆ ਸੀ। ਉਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪਹੁੰਚਣਾ ਸੀ। ਮੁੱਖ ਮਹਿਮਾਨ ਦੇ ਦੇਰ ਨਾਲ ਪਹੁੰਚਣ ਕਾਰਨ ਰਾਵਣ ਦਹਿਨ ਦੇਰੀ ਨਾਲ ਕੀਤਾ ਗਿਆ। ਜਿਸ ਕਾਰਨ ਇਹ ਹਾਦਸਾ ਹੋਇਆ ਦੱਸਿਆ ਜਾ ਰਿਹਾ ਹੈ।
ਇਸ ਹਾਦਸੇ 'ਚ 60 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ ਜਦ ਕਿ ਕਈ ਗੰਭੀਰ ਜ਼ਖ਼ਮੀ ਵੀ ਹੋਏ ਸੀ। ਜਿਸ 'ਚ ਸਰਕਾਰ ਵਲੋ ਪੀੜ੍ਹਤ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਜਿਸ ਦੇ ਤਹਿਤ ਸਰਕਾਰ ਵਲੋਂ 34 ਪੀੜ੍ਹਤਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜਿਸ ਸਬੰਧੀ ਸਰਕਾਰ ਵਲੋਂ ਪੱਤਰ ਜਾਰੀ ਕਰਦਿਆਂ ਲਿਸਟਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਜਾਣਕਾਰੀ ਮੁਤਾਬਿਕ ਸਰਕਾਰ ਵਲੋਂ ਫਿਲਹਾਲ ਉਨ੍ਹਾਂ ਪੀੜ੍ਹਤਾਂ ਨੂੰ ਹੀ ਨੌਕਰੀ ਦਿੱਤੀ ਜਾ ਰਹੀ ਹੈ, ਜਿਨਾਂ ਸਬੰਧੀ ਕੋਈ ਵੀ ਵਿਵਾਦ ਨਹੀਂ ਹੈ। ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਕਿ ਵਿਵਾਦਤ ਕੇਸਾਂ ਬਾਰੇ ਉਨ੍ਹਾਂ ਵਲੋਂ ਬਾਅਦ 'ਚ ਫੈਸਲਾ ਲਿਆ ਜਾਵੇਗਾ।
ਸਰਕਾਰ ਵਲੋਂ ਜਿਨ੍ਹਾਂ 34 ਪੀੜ੍ਹਤਾਂ ਨੂੰ ਨੌਕਰੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਚਿਹਰਿਆਂ 'ਤੇ ਮੁੜ ਖੁਸ਼ੀ ਪਰਤ ਆਈ ਹੈ। ਉਨ੍ਹਾਂ ਵਲੋਂ ਸਰਕਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਚਾਹੇ ਦੇਰੀ ਨਾਲ ਹੀ ਸਹੀ ਪਰ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜੀ ਹੈ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਦੀ ਪਲੇਠੀ ਮੀਟਿੰਗ