ਅੰਮ੍ਰਿਤਸਰ: ਜ਼ਿਲ੍ਹੇ ਦੇ ਮਜੀਠਾ ਰੋਡ ਇਲਾਕੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਖ਼ੁਦਕੁਸ਼ੀ ਦਾ ਕਾਰਨ ਕਰਜ਼ਾ ਨਾ ਚੁੱਕਾ ਪਾਣਾ ਮੰਨਿਆ ਜਾ ਰਿਹਾ ਹੈ।
ਮ੍ਰਿਤਕ ਦੀ ਪਛਾਣ ਮੋਨੂ ਵਜੋ ਹੋਈ ਹੈ। ਮੋਨੂ ਇੱਕ ਸਰਕਾਰੀ ਮੁਲਾਜ਼ਮ ਸੀ। ਮੋਨੂ ਦੀ ਪਤਨੀ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਪਤੀ ਨੇ ਗੁਆਂਡ ਵਿੱਚ ਰਹਿਣ ਵਾਲੇ ਕ੍ਰਿਸ਼ਨ ਨਾਂ ਦੇ ਇੱਕ ਵਿਅਕਤੀ ਕੋਲੋਂ 70 ਹਜ਼ਾਰ ਰੁਪਏ ਉਧਾਰ ਲਏ ਸਨ। ਜਦ ਮੋਨੂਨੇ ਰੁਪਏ ਉਧਾਰ ਲਏ ਤਾਂ ਦੇਣਦਾਰ ਨੇ ਉਸ ਦੇ ਬੈਂਕ ਦੀ ਕਾਪੀ ਅਤੇ ਖਾਲ੍ਹੀ ਚੈੱਕ ਆਪਣੇ ਕੋਲ ਰੱਖ ਲਏ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮੋਨੂ ਦੀ ਤਨਖ਼ਾਹ ਆਉਣ ਤੇ ਕ੍ਰਿਸ਼ਨ ਖੁਦ ਹੀ ਉਸ ਦੇ ਖਾਤੇ ਤੋਂ ਆਪਣੇ ਬਿਆਜ ਦੀ ਰਕਮ ਕੱਢ ਲੈਂਦਾ ਸੀ। ਬਿਆਜ ਹਾਸਲ ਹੋਣ ਦੇ ਬਾਵਜੂਦ ਵੀ ਕ੍ਰਿਸ਼ਨ ਮੋਨੂ ਨੂੰ ਰੁਪਏ ਵਾਪਿਸ ਕੀਤੇ ਜਾਣ ਲਈ ਧਮਕੀ ਦਿੰਦਾ ਸੀ। ਜਿਸਦੇ ਚਲਦੇ ਤੰਗ ਹੋ ਕੇ ਮੋਨੂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਮੋਨੂ ਵੱਲੋਂ ਖ਼ੁਦਕੁਸ਼ੀ ਦੀ ਖ਼ਬਰ ਮਿਲਣ ਮਗਰੋਂ ਮੁਲਜ਼ਮ ਅਤੇ ਉਸ ਦੀ ਪਤਨੀ ਫ਼ਰਾਰ ਹੋ ਗਏ। ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸਰਕਾਰੀ ਹਸਪਤਾਲ ਵਿੱਚ ਕਲਾਸ ਫੋਰਥ ਦਾ ਮੁਲਾਜ਼ਮ ਸੀ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।