ਅੰਮ੍ਰਿਤਸਰ: ਬੇਅਦਬੀ ਅਤੇ ਗੋਲੀਕਾਂਡ ਮਾਮਲੇ 'ਚ ਬਣੀ ਪਿਛਲੀ ਐੱਸ.ਆਈ.ਟੀ ਮੁਖੀ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਜਿਸ ਨੂੰ ਲੈਕੇ ਸਿਆਸੀ ਗਲਿਆਰੇ 'ਚ ਪੁਰੀ ਤਰ੍ਹਾਂ ਚਰਚਾ ਛਿੜ ਚੁੱਕੀ ਹੈ। ਜਿਕਰਯੋਗ ਹੈ ਕਿ ਭਲਕੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ(Arvind Kejriwal) ਅੰਮ੍ਰਿਤਸਰ ਪਹੁੰਚ ਰਹੇ ਹਨ।
ਇਸ ਸਬੰਧੀ ਜਦੋਂ ਈਟੀਵੀ ਭਾਰਤ ਦੇ ਪੱਤਰਕਾਰ ਵਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ 'ਚ ਸ਼ਾਮਲ ਹੋਣ ਦਾ ਵਿਚਾਰ ਨਹੀਂ ਹੈ। ਉਨ੍ਹਾਂ ਦਾ ਕਹਿਣਾ ਕਿ ਜਦੋਂ ਵੀ ਉਹ ਕਿਸੇ ਸਿਆਸੀ ਪਾਰਟੀ 'ਚ ਸ਼ਾਮਲ ਹੋਏ ਤਾਂ ਉਹ ਮੀਡੀਆ ਸਾਹਮਣੇ ਆ ਕੇ ਖੁਦ ਇਸ ਦਾ ਐਲਾਨ ਕਰਨਗੇ।
ਇਸ ਦੇ ਨਾਲ ਹੀ ਬੇਅਦਬੀ ਮਾਮਲੇ ਦੀ ਜਾਂਚ ਸਬੰਧੀ ਉਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Chief Minister Capt. Amarinder Singh) ਨਾਲ ਮਿਲ ਕੇ ਉਹ ਸੁਪਰੀਮ ਕੋਰਟ 'ਚ ਪਟੀਸ਼ਨ ਪਾਉਣ ਦੀ ਗੱਲ ਕਰਨਗੇ। ਉਨ੍ਹਾਂ ਦਾ ਕਹਿਣਾ ਕਿ ਆਪਣੀ ਜ਼ਿੰਦਗੀ ਦੇ 23 ਸਾਲ ਦੇ ਕਰੀਬ ਉਨ੍ਹਾਂ ਨੌਕਰੀ ਕੀਤੀ ਹੈ, ਪਰ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੀ ਜਾਂਚ ਸਭ ਤੋਂ ਵੱਡਾ ਚੈਲੰਜ ਸੀ। ਉਨ੍ਹਾਂ ਦਾ ਕਹਿਣਾ ਕਿ ਆਪਣੀ ਰਿਪੋਰਟ 'ਚ ਉਨ੍ਹਾਂ ਸਭ ਤੋਂ ਵਧੀਆ ਕੰਮ ਕੀਤਾ ਹੈ, ਪਰ ਜੋ ਚੋਰ ਹਨ ਉਹ ਹੀ ਉਨ੍ਹਾਂ ਦੇ ਕੰਮ 'ਤੇ ਉਂਗਲ ਚੁੱਕ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਬਰਗਾੜੀ ਮਾਮਲੇ ਦਾ ਫੈਸਲਾ ਫਰੀਦਕੋਟ ਹੋਣਾ ਚਾਹੀਦਾ ਸੀ, ਪਰ ਉਹ ਚੰਡੀਗੜ੍ਹ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਕਾਂਗਰਸ ਦੇ ਆਪਸੀ ਕਲੇਸ ਨੂੰ ਲੈਕੇ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਸਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਪੰਜਾਬ ਦੀ ਸਿਆਸਤ 'ਚ ਅਜਿਹਾ ਦਿਨ ਵੀ ਆਵੇਗਾ ਜਦੋਂ ਬੱਚਾ ਬੱਚਾ ਸਿਆਸਤ ਤੋਂ ਜਾਣੂ ਹੋਵੇਗਾ।