ਅੰਮ੍ਰਿਤਸਰ: ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਪੰਜਾਬ ਦੇ ਕਈ ਜਿਲ੍ਹਿਆਂ 'ਚ ਪੈਟਰੋਲ ਦੀ ਕੀਮਤਾਂ ਸੌ ਤੋਂ ਪਾਰ ਹੋ ਚੁੱਕੀਆਂ ਹਨ। ਇਸ ਦੇ ਚੱਲਦਿਆਂ ਕਿਸਾਨਾਂ ਵਲੋਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਵੀ ਕੀਤਾ ਗਿਆ। ਇਸ ਦੇ ਨਾਲ ਹੀ ਸਰਵਨ ਸਿੰਘ ਪੰਧੇਰ ਦੀ ਅਗਵਾਈ 'ਚ ਜੰਡਿਆਲਾ ਗੁਰੂ ਅਤੇ ਟਾਂਗਰਾ ਜ਼ੋਨ ਦੀ ਮੀਟਿੰਗ ਵੀ ਕੀਤੀ ਗਈ।
ਇਸ ਸਬੰਧੀ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਵਧਦੀਆਂ ਜਾ ਰਹੀਆਂ ਹਨ। ਤੇਲ ਦੀਆਂ ਕੀਮਤਾਂ ਕਾਰਨ ਮਹਿੰਗਾਈ ਵੀ ਹੋ ਰਹੀ ਹੈ, ਜਿਸ ਕਾਰਨ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਹੈ।
ਸਰਵਨ ਸਿੰਘ ਪੰਧੇਰ ਦਾ ਕਹਿਣਾ ਕਿ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਸਰਕਾਰ ਤੇ ਪਾਵਰਕਾਮ ਵੱਲੋਂ ਕੀਤੇ ਦਾਅਵਿਆਂ ਦੇ ਬਾਵਜੂਦ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਹੀਂ ਮਿਲ ਰਹੀ। ਜਿਸ ਨਾਲ ਝੋਨੇ ਦਾ ਸੀਜਨ ਪੱਛੜ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਪੂਰੇ ਜ਼ਿਲ੍ਹੇ 'ਚ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਖਿਲਾਫ਼ 30 ਜੂਨ ਨੂੰ ਚੀਫ ਪਾਵਰਕਾਮ ਬਾਰਡਰ ਜੋਨ ਅੱਗੇ ਵਿਸ਼ਾਲ ਧਰਨਾ ਲਗਾਇਆ ਜਾਵੇਗਾ। ਜਿਸਦੀਆਂ ਤਿਆਰੀਆਂ ਪੂਰੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਚੱਲ ਰਹੇ ਕਿਸਾਨ ਸੰਘਰਸ਼ ਲਈ 5 ਜੁਲਾਈ ਨੂੰ ਅੰਮ੍ਰਿਤਸਰ ਤੋਂ ਹਜ਼ਾਰਾਂ ਕਿਸਾਨਾਂ ਮਜਦੂਰਾਂ ਦਾ ਜੱਥਾ ਦਿੱਲੀ ਮੋਰਚੇ ਲਈ ਕੂਚ ਕਰੇਗਾ।