ਅੰਮ੍ਰਿਤਸਰ : ਸ਼ਹਿਰ ਦੇ ਅਜਨਾਲਾ ਤਹਸੀਲ ਵਿੱਚ ਰਾਵੀ ਦਰਿਆ ਨੇੜਲੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਪੁੱਲ ਨਾ ਹੋਣ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਾਲ ਹੀ ਵਿੱਚ ਰਾਵੀ ਦਰਿਆ ਦੇ ਦੂਜੇ ਕਿਨਾਰੇ 'ਤੇ ਬਣੇ ਖੇਤਾਂ ਤੋਂ ਫ਼ਸਲ ਲਿਆ ਰਹੇ ਕਿਸਾਨਾਂ ਦੀ ਫ਼ਸਲ ਰੁੜ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਆਪਣੀ ਮਿਹਨਤ ਨਾਲ ਤਿਆਰ ਕੀਤੀ ਕਣਕ ਦੀ ਫ਼ਸਲ ਨੂੰ ਰਾਵੀ ਦਰਿਆ ਤੋ ਪਾਰ ਲਿਆਉਣ ਲਈ ਟਰੈਕਟਰ ਅਤੇ ਟਰਾਲੀ ਇਸਤੇਮਾਲ ਕਰਦੇ ਹਨ ਅਤੇ ਬਾਅਦ 'ਚ ਮੰਡੀਆਂ ਤੱਕ ਪਹੁੰਚਾਂਦੇ ਹਨ।
ਇਸ ਵਾਰ ਵੀ ਕਿਸਾਨ ਰਾਵੀ ਦਰਿਆਂ ਦੇ ਦੂਜੇ ਪਾਸਿਓਂ ਇਸ ਪਾਰ ਕਣਕ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਰਾਵੀ ਦਰਿਆ ਦੇ ਬਹਾਵ ਕਾਰਨ ਕਿਸਾਨਾ ਦੀ ਕਣਕ ਰਾਵੀ ਦਰਿਆ ਵਿੱਚ ਰੁੜ ਗਈ। ਕੁਦਰਤ ਦੀ ਮਾਰ ਤੋਂ ਬਾਅਦ ਕਿਸਾਨਾਂ ਨੂੰ ਦਰਿਆ ਦੇ ਬਹਾਵ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਬਾਰੇ ਕਿਸਾਨਾਂ ਨੇ ਈਟੀਵੀ ਭਾਰਤ ਦੀ ਟੀਮ ਨਾਲ ਆਪਣੀ ਪਰੇਸ਼ਾਨੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਇਥੇ ਸਥਾਈ ਪੁੱਲ ਬਣਾਏ ਜਾਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਗੱਲ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਹਰ ਸਾਲ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਝੇਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਸਿਆਸੀ ਆਗੂ ਵੋਟਾਂ ਸਮੇਂ ਵਾਅਦਾ ਕਰਕੇ ਵੋਟਾਂ ਦਾ ਲੈ ਲੈਂਦੇ ਹਨ ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਅਜੇ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਸੂਬਾ ਸਰਕਾਰ ਕੋਲੋਂ ਰੁੜਨ ਵਾਲੀ ਫ਼ਸਲ ਦਾ ਮੁਆਵਜ਼ਾ ਅਤੇ ਪਿੰਡਵਾਸੀਆਂ ਲਈ ਇਥੇ ਸਥਾਈ ਪੁੱਲ ਬਣਾਏ ਜਾਣ ਦੀ ਮੰਗ ਕੀਤੀ ਹੈ।