ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਨੇੜੇ ਵਾਪਰੇ ਕਤਲ ਦੇ ਮਾਮਲੇ ਤੋਂ ਬਾਅਦ ਮ੍ਰਿਤਕ ਦੇ ਘਰ ਮਾਤਮ ਛਾਇਆ ਹੋਇਆ ਹੈ। ਦੱਸ ਦਈਏ ਕਿ ਮ੍ਰਿਤਕ ਦਾ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਹਰਮਨਜੀਤ ਨੂੰ ਸਾਜਿਸ਼ ਤਹਿਤ ਮਾਰਿਆ ਗਿਆ ਹੈ। ਲੜਕੀ ਦਾ ਬਹਾਣਾ ਬਣਾ ਕੇ ਨੌਜਵਾਨ ਦਾ ਤਿੰਨ ਲੋਕਾਂ ਵੱਲੋਂ ਕਤਲ ਕੀਤਾ ਗਿਆ ਹੈ।
ਮਾਮਲੇ ਸਬੰਧੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਹਰਮਨਜੀਤ ਦਾ ਇਕ ਭਰਾ ਅਤੇ ਪੰਜ ਭੈਣਾਂ ਹਨ ਅਤੇ ਹਰਮਨਜੀਤ ਸਿੰਘ ਕੁਝ ਦਿਨਾਂ ਬਾਅਦ ਵਿਦੇਸ਼ ਜਾਣ ਵਾਲਾ ਸੀ ਜਿਸਦੇ ਸ਼ੁਕਰਾਨੇ ਵਜੋਂ ਉਹ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਸੀ ਪਰ ਰਸਤੇ ਵਿਚ ਸਾਜਿਸ਼ ਤਹਿਤ ਲੜਕੀ ਦੇ ਬਹਾਣੇ ਦੋ ਨਿਹੰਗ ਸਿੰਘਾਂ ਅਤੇ ਇਕ ਹੋਟਲ ਮੁਲਾਜਮ ਵਲੌ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਪਰਿਵਾਰ ਨੇ ਪੁਲਿਸ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮਾਮਲੇ ਵਿੱਚ ਪੁਲਿਸ ਸਿਰਫ ਤਫਤੀਸ਼ ਦਾ ਹਵਾਲਾ ਦੇ ਰਹੀ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕੀਤੀ।
ਦੂਜੇ ਪਾਸੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਕਾਬੂ ਕਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਲੋਂ ਪੁਲਿਸ ਨੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ। ਪੁਲਿਸ ਅਧਿਕਾਰੀ ਪਵਨ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਇਨ੍ਹਾਂ ਦੇ ਤੀਜੇ ਸਾਥੀ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲਾ 6ਵਾਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਗ੍ਰਿਫਤਾਰ