ਅੰਮ੍ਰਿਤਸਰ: ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨ ਰੋਜੀ ਰੋਟੀ ਦੀ ਭਾਲ ਵਿੱਚ ਜਾਂਦੇ ਹਨ। ਇਸ ਦੌਰਾਨ ਕੰਮ ਕਰਦਿਆਂ ਅਤੇ ਕਈ ਤਰ੍ਹਾਂ ਦੇ ਹੋਰ ਹਾਦਸਿਆਂ ਵਿੱਚ ਪ੍ਰਦੇਸ ਦੀ ਧਰਤੀ 'ਤੇ ਇਹ ਨੌਜਵਾਨ ਆਪਣੀ ਜਾਨ ਗੁਆ ਦਿੰਦੇ ਹਨ। ਖਾੜੀ ਦੇ ਮੁਲਕਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਹੋਈਆਂ ਮੌਤਾਂ ਤੋਂ ਬਾਅਦ ਉਨ੍ਹਾਂ ਦੀਆਂ ਮਿ੍ਤਕ ਦੇਹਾਂ ਨੂੰ ਭਾਰਤ ਲਿਆਉਣ 'ਚ ਭਾਰੀ ਦਿੱਕਤਾਂ ਆਉਂਦੀਆਂ ਹਨ। ਇਸੇ ਦੌਰਾਨ ਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਇਸ ਦੇ ਮੁਖੀ ਡਾ.ਐੱਸਪੀ ਸਿੰਘ ਓਬਰਾਏ ਇਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਅੱਗੇ ਆਏ ਹਨ।
ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਧੂਰੀ (ਸੰਗਰੂਰ) ਨਾਲ ਸਬੰਧਤ 38 ਸਾਲਾ ਗੁਰਮੁੱਖ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਗਗੜੇਵਾਲ ਦੇ 29 ਸਾਲਾ ਗੁਰਜੰਟ ਸਿੰਘ ਪੁੱਤਰ ਗੁਰਮੰਗਤ ਸਿੰਘ ਦੀਆਂ ਮ੍ਰਿਤਕ ਦੇਹਾਂ ਬੀਤੀ ਦੇਰ ਰਾਤ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜੀਆਂ।
ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੋਵਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਦੇਸ਼ਾਂ ਤੋਂ 180 ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ ਅਤੇ ਮਿ੍ਤਕਾਂ ਦੇ ਲੋੜਵੰਦ ਪਰਿਵਾਰਾਂ ਨੂੰ ਘਰ ਗੁਜ਼ਾਰੇ ਲਈ ਟਰੱਸਟ ਵੱਲੋਂ ਮਹੀਨੇਵਾਰ ਪੈਨਸ਼ਨ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਪਿਛਲੇ 6 ਦਿਨਾਂ ਅੰਦਰ ਹੀ 3 ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਲਿਆਂਦੇ ਗਏ ਹਨ ਜਦੋਂਕਿ 4 ਹੋਰ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਆਉਂਦੇ ਇੱਕ-ਦੋ ਦਿਨਾਂ 'ਚ ਹੀ ਲਿਆਂਦੇ ਜਾਣਗੇ।
ਜ਼ਿਕਰਯੋਗ ਹੈ ਕਿ ਇਹ ਮ੍ਰਿਤਕ ਦੇਹਾਂ ਭਾਰਤ ਭੇਜਣ 'ਚ ਡਾ. ਉਬਰਾਏ ਤੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਅਤੇ ਭਾਰਤੀ ਦੂਤਾਵਾਸ ਨੇ ਵੀ ਵਿਸ਼ੇਸ਼ ਭੂਮੀਕਾ ਨਿਭਾਈ ਹੈ। ਇਸ ਮੌਕੇ ਟਰੱਸਟ ਤੋਂ ਸੁਖਦੀਪ ਸਿੱਧੂ, ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸੰਧੂ,ਸਿਸ਼ਪਾਲ ਸਿੰਘ ਲਾਡੀ ਤੇ ਨਵਜੀਤ ਸਿੰਘ ਘਈ ਵੀ ਮੌਜੂਦ ਸਨ।