ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਜਨਾਲਾ ਦੇ ਚਮਿਆਰੀ ਤੇ ਅਟਾਰੀ ਦੇ ਪਿੰਡ ਗੁਰੂਵਾਲੀ ਵਿਖੇ ਕਿਸਾਨ ਰੈਲੀ 'ਚ ਸ਼ਮੂਲੀਅਤ ਕਰਨ ਪੁਜੇ। ਇਥੇ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਿਸ਼ਾਨੇ ਸਾਧੇ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਥੋਪੇ ਗਏ ਖੇਤੀ ਕਾਨੂੰਨ ਕੇਵਲ ਪੰਜਾਬ ਦੇ ਕਿਸਾਨਾਂ ਲਈ ਹੀ ਨਹੀਂ ਬਲਕਿ ਦੇਸ਼ ਦੀ ਕਿਸਾਨੀ ਲਈ ਵੀ ਘਾਤਕ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬਿਆਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਨਾਂ ਕਿਹਾ, ਕਿ ਕਿਸਾਨਾਂ ਨੂੰ ਬੇਜ਼ਮੀਨੇ ਕਰਕੇ ਉਨਾਂ ਦੀਆਂ ਜਮੀਨਾਂ ਖੋਹ ਕੇ ਵੱਡੇ ਘਰਾਣਿਆਂ ਨੂੰ ਦੇਣ ਦੀਆਂ ਸਾਜਿਸ਼ਾਂ ਰਚੀਆਂ ਗਈਆਂ ਹਨ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਫਤ ਕਰਦੇ ਕਿਹਾ, ਕਿ ਜੇਕਰ ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਹਨ। ਹੁਣ ਕੇਂਦਰ ਸਰਕਾਰ ਪੰਜਾਬ 'ਤੇ ਉਸੇ ਤਰਾਂ ਆਰਥਿਕ ਪਾਬੰਦੀਆਂ ਲਗਾ ਰਹੀ ਹੈ ਜਿਵੇਂ ਕਿ ਅਮਰੀਕਾ ਆਪਣੇ ਵਿਰੋਧੀ ਦੇਸ਼ਾਂ ਕਿਊਬਾ, ਇਰਾਨ 'ਤੇ ਲਾਉਂਦਾ ਹੈ। ਉਨਾਂ ਕਿਹਾ, ਕਿ ਪਹਿਲਾਂ ਜੀਐਸਟੀ ਦਾ 9500 ਕਰੋੜ ਰੁਪਏ ਬਕਾਇਆ ਅਤੇ ਹੁਣ ਦਿਹਾਤੀ ਵਿਕਾਸ ਫੰਡ ਦਾ 1100 ਕਰੋੜ ਰੁਪਏ ਫੰਡ ਰੋਕ ਕੇ ਕੇਂਦਰ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਦੀ ਸੋਚ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਹਾਲ 'ਚ ਕਿਸਾਨਾਂ ਦਾ ਸਮਰਥਨ ਕਰਦੀ ਹੈ ਭਾਵੇਂ ਇਸ ਲਈ ਕਿੰਨੀ ਕੁ ਵੀ ਵੱਡੀ ਕੀਮਤ ਕਿਉਂ ਨਾ ਚੁੱਕਾਉਣੀ ਪਵੇ।