ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਜੀਐਸਟੀ ਪਾਲਿਸੀ ’ਚ ਹੁਣ ਗੁਰਦੁਆਰਿਆ, ਮੰਦਰਾਂ ਅਤੇ ਮਸਜਿਦਾਂ ਚ ਬਣੀਆਂ ਲਗਜ਼ਰੀ ਸਰਾਵਾਂ ’ਤੇ 12 ਫੀਸਦ ਟੈਕਸ ਅਦਾ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਚੱਲਦੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਿਤ ਤਿੰਨ ਸਰਾਵਾਂ ਬਾਬਾ ਦੀਪ ਸਿੰਘ ਯਾਤਰੀ ਨਿਵਾਸ , ਮਾਤਾ ਭਾਗ ਕੌਰ ਨਿਵਾਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਐਨ ਆਰ ਆਈ ਨਿਵਾਸ ਤੇ 12 ਫੀਸਦੀ ਜੀਐਸਟੀ ਲਗਾਈ ਹੈ।
ਦੱਸ ਦਈਏ ਕਿ ਇਨ੍ਹਾਂ ਤਿੰਨਾਂ ਸਰਾਵਾਂ ਦਾ ਸੰਚਾਲਨ ਸ੍ਰੀ ਦਰਬਾਰ ਸਾਹਿਬ ਵਲੋਂ ਕੀਤਾ ਜਾਂਦਾ ਹੈ। ਪਤਾ ਲਗਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਯਾਤਰੀਆਂ ਪਾਸੋ ਲਏ ਜਾਂਦੇ ਕਮਰਿਆਂ ਦੇ ਕਿਰਾਏ ਦੇ ਨਾਲ ਨਾਲ 12 ਫੀਸਦੀ ਜੀਐਸਟੀ ਵਸੂਲੀ ਜਾ ਰਹੀ ਹੈ ਤੇ ਇਸ ਦੀ ਪੁਸ਼ਟੀ ਮੈਨੇਜਰ ਸਰਾਵਾਂ ਗੁਰਪ੍ਰੀਤ ਸਿੰਘ ਨੇ ਕੀਤੀ ਹੈ।
ਜਾਣਕਾਰੀ ਮੁਤਾਬਿਕ ਬਾਬਾ ਦੀਪ ਸਿੰਘ ਨਿਵਾਸ ਵਿਖੇ ਯਾਤਰੀਆਂ ਪਾਸੋ 500 ਰੁਪਏ ਪ੍ਰਤੀ ਕਮਰਾ ਕਿਰਾਇਆ ਲਿਆ ਜਾਂਦਾ ਹੈ ਜਿਸ ਦਾ ਕਿਰਾਇਆ ਹੁਣ ਜੀਐਸਟੀ ਸਮੇਤ 560 ਰੁਪਏ ਪ੍ਰਤੀ ਕਮਰਾ ਹੋ ਗਿਆ ਹੈ। ਇਸੇ ਤਰ੍ਹਾਂ ਨਾਲ ਮਾਤਾ ਭਾਗ ਕੌਰ ਨਿਵਾਸ ਵਿਖੇ ਕਮਰੇ ਦਾ ਕਿਰਾਇਆ ਮਹਿਜ਼ 300 ਰੁਪਏ ਹੈ ਜੋ ਹੁਣ 336 ਰੁਪਏ ਹੋ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਐਨਆਰਆਈ ਸਰਾਂ ਵਿਖੇ ਕਮਰੇ ਦਾ ਕਿਰਾਇਆ 700 ਰੁਪਏ ਪ੍ਰਤੀ ਕਮਰਾ ਹੈ ਜੋ ਹੁਣ ਵਧ ਕੇ 784 ਰੁਪਏ ਹੋ ਗਿਆ ਹੈ। ਕੇਂਦਰ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਦਾ ਸੰਗਤਾਂ ਅਤੇ ਪ੍ਰਬੰਧਕਾਂ ਵਲੋ ਵਿਰੋਧ ਕੀਤਾ ਜਾ ਰਿਹਾ ਹੈ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਸੰਗਤਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨਾ ਸਾਡੀ ਜਿੰਮੇਵਾਰੀ ਹੈ ਤੇ ਅਸੀਂ ਕਦੀ ਸਰਕਾਰ ਕੋਲੋਂ ਕਿਸੇ ਤਰ੍ਹਾਂ ਦੀ ਸਹੂਲਤ ਦੀ ਮੰਗ ਨਹੀ ਕੀਤੀ ਪਰ ਧਾਰਮਿਕ ਯਾਤਰਾ ’ਤੇ ਆਏ ਸ਼ਰਧਾਲੂਆਂ ਦੀ ਰਿਹਾਇਸ਼ ਲਈ ਕਮਰੇ ਦੇ ਕਿਰਾਏ ’ਤੇ ਜੀਐਸਟੀ ਲਾਗੂ ਕਰਨਾ ਆਪਣੇ ਆਪ ਵਿਚ ਨਿੰਦਣਯੋਗ ਹੈ ਜਿਸ ਨੂੰ ਤੁਰੰਤ ਵਾਪਿਸ ਲਿਆ ਜਾਣਾ ਚਾਹੀਦਾ ਹੈ।
ਇਹ ਵੀ ਪੜੋ: ਕੇਂਦਰ ਵੱਲੋਂ ਲਗਜ਼ਰੀ ਸਰਾਵਾਂ ’ਤੇ 12 ਫੀਸਦ ਟੈਕਸ, SGPC ਨੇ ਜਤਾਇਆ ਵਿਰੋਧ