ਅੰਮ੍ਰਿਤਸਰ: ਗੁਰਦੁਆਰਾ ਰਾਮਸਰ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦੇ ਗੁੰਮ ਹੋਣ ਦੀ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਬਕਾ ਜੱਜ ਨਵਿਤਾ ਸਿੰਘ ਅਤੇ ਵਕੀਲ ਈਸ਼ਰ ਸਿੰਘ ਨੂੰ ਸੌਂਪੀ ਗਈ, ਪਰ ਜੱਜ ਨਵਿਤਾ ਸਿੰਘ ਨੇ ਘਰੇਲੂ ਮਜਬੂਰੀਆਂ ਦਾ ਹਵਾਲਾ ਦੇ ਕੇ ਇਸ ਜਾਂਚ ਤੋਂ ਪਾਸਾ ਕਰ ਲਿਆ। ਇਸ ਜਾਂਚ ਦੇ ਕੁਝ ਪੱਖਾਂ ਸਬੰਧੀ ਈਟੀਵੀ ਭਾਰਤ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ।
ਪ੍ਰੋ.ਬਲਜਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦਾ ਘਟਣਾ ਸਿੱਖ ਕੌਮ ਲਈ ਸ਼ਰਮਨਾਕ ਅਤੇ ਕਲੰਕਿਤ ਕਰਨ ਵਾਲਾ ਮਸਲਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਕੌਮ ਨੇ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਤੇ ਸੰਭਾਲ ਕਰਨ ਦੇ ਅਧਿਕਾਰ ਦਿੱਤੇ ਹਨ। ਉਨ੍ਹਾਂ ਵੱਲੋਂ ਇਨ੍ਹੀ ਵੱਡੀ ਨਾਲਾਇਕੀ ਕਰਨਾ ਬਹੁਤ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹਾ ਹੁੰਦਾ ਹੈ ਅਤੇ ਸਿੱਖ ਕੌਮ ਦਾ ਮੂੰਹ ਕਾਲਾ ਹੋ ਗਿਆ ਹੈ।
ਪ੍ਰੋ.ਬਲਜਿੰਦਰ ਸਿੰਘ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਮਸਲੇ ਦੀ ਜਾਂਚ ਕਰਵਾਉਣ ਲਈ ਉੱਚਕੋਟੀ ਦੇ 5 ਜੱਜ ਵਿਦਵਾਨ, ਵਕੀਲ, ਜਰਨੈਲ ਆਦਿ ਦਾ ਪੈਨਲ ਬਣਾਉਣਾ ਸੀ ਕਿਉਂਕਿ ਇਹ ਬਹੁਤ ਹੀ ਸੰਵੇਦਨਸ਼ੀਲ ਤੇ ਸੰਗੀਨ ਮਸਲਾ ਹੈ। ਹੁਣ ਇੱਕ ਜੱਜ ਨਵਿਤਾ ਸਿੰਘ ਅਤੇ ਵਕੀਲ ਦੀ ਕਮੇਟੀ ਬਣਾਈ ਜਦੋਂ ਕਿ 2 ਮੈਂਬਰੀ ਕਮੇਟੀ ਨਹੀਂ ਹੋਣੀ ਚਾਹੀਦੀ।
ਪ੍ਰੋ.ਬਲਜਿੰਦਰ ਸਿੰਘ ਨੇ ਕਿਹਾ ਕਿ ਜੱਜ ਨਵਿਤਾ ਸਿੰਘ ਇੱਕ ਦਿਨ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨਹੀਂ ਆਏ। 30 ਜੁਲਾਈ ਨੂੰ ਜੱਜ ਨਵਿਤਾ ਸਿੰਘ ਕਹਿ ਦਿੰਦੇ ਹਨ ਕਿ ਘਰੇਲੂ ਮਜਬੂਰੀਆਂ ਹਨ ਤੇ 17 ਜੁਲਾਈ ਤੋਂ ਜਾਂਚ ਕੇਵਲ ਵਕੀਲ ਈਸ਼ਰ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੱਜ ਨਵਿਤਾ ਸਿੰਘ 'ਤੇ ਸਿਆਸੀ ਆਗੁਆਂ ਨੇ ਦਬਾਅ ਬਣਾਇਆ ਕਿ ਜਾਂਚ ਉਨ੍ਹਾਂ ਮੁਤਾਬਕ ਹੋਵੇ ਤਾਂ ਜੱਜ ਇਸ ਜਾਂਚ ਤੋਂ ਲਾਂਭੇ ਹੋ ਗਈ। ਕਿਉਂਕਿ ਨਵਿਤਾ ਸਿੰਘ ਇੱਕ ਇਮਾਨਦਾਰ ਜੱਜ ਵਜੋਂ ਜਾਣੇ ਜਾਂਦੇ ਹਨ, ਇਸ ਲਈ ਉਨ੍ਹਾਂ ਨੇ ਜਾਂਚ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਜਾਂਚ ਕਰ ਰਹੇ ਵਕੀਲ ਈਸ਼ਰ ਸਿੰਘ ਕੋਲ ਜਾਂਚ ਦਾ ਤਜ਼ਰਬਾ ਨਹੀਂ ਹੈ।