ਅੰਮ੍ਰਿਤਸਰ: ਸਾਲ 2022 ਦੌਰਾਨ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਆਪੋ ਆਪਣੇ ਹਲਕਿਆਂ ਲਈ ਨਵੇਂ ਪ੍ਰਾਜੈਕਟ ਅਤੇ ਵਿਕਾਸ ਲਈ ਪੰਜਾਬ ਸਰਕਾਰ ਤੋਂ ਹੋਰ ਗ੍ਰਾਂਟਾਂ ਲੈਣ ਲਈ ਵਿਧਾਇਕਾਂ ਦਾ ਜੋਰ ਲੱਗਿਆ ਹੋਇਆ ਹੈ ਤਾਂ ਜੋ ਚੋਣ ਜਾਬਤਾ ਐਲਾਨੇ ਜਾਣ ਤੋਂ ਪਹਿਲਾਂ ਰਹਿੰਦੇ ਵਿਕਾਸ ਕਾਰਜ ਜਲਦ ਨੇਪਰੇ ਚਾੜੇ ਜਾ ਸਕਣ।ਜਿਸ ਲਈ ਪੰਜਾਬ ਦੇ ਵਿਧਾਇਕਾਂ ਵਲੋਂ ਚੰਡੀਗੜ੍ਹ ਵਿੱਚ ਵਿਭਾਗਾਂ ਦੇ ਮੰਤਰੀਆਂ ਨਾਲ ਮੁਲਾਕਾਤ ਦੇ ਦੌਰ ਜਾਰੀ ਹਨ।
ਇਸੇ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਮੁਲਾਕਾਤ ਕਰਨ ਦੀ ਖਬਰ ਸਾਹਮਣੇ ਆਈ ਹੈ।ਜਿਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਭਲਾਈਪੁਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਿੰਗਲਾ ਨਾਲ ਮੁਲਾਕਾਤ ਕਰਕੇ ਹਲਕੇ ਵਿੱਚ ਨਵੇਂ ਪ੍ਰਾਜੈਕਟ ਲਿਆਉਣ ਬਾਰੇ ਗੱਲਬਾਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਉਹਨਾਂ ਦੀ ਗੱਲਬਾਤ ਸਕਾਰਤਮਕ ਹੋਈ ਹੈ ਤੇ ਮੰਤਰੀ ਵਲੋਂ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਉਹ ਹਲਕੇ ਨੂੰ ਨਵੇਂ ਪ੍ਰਾਜੈਕਟ ਦੇਣਗੇ।
ਇਹ ਵੀ ਪੜੋ:Congress Committee ਅੱਗੇ ਕੈਪਟਨ ਹੋਏ ਪੇਸ਼, ਮੀਡੀਆ ਨੂੰ ਨਹੀਂ ਕੀਤਾ 'ਫੇਸ' !
ਵਿਧਾਇਕ ਭਲਾਈਪੁਰ ਨੇ ਕਿਹਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਬਿਨ੍ਹਾਂ ਕਿਸੇ ਭੇਦ ਭਾਵ ਦੇ ਵਿਕਾਸ ਕਰਵਾਇਆ ਜਾ ਰਿਹਾ ਹੈ ਤੇ ਹਲਕੇ ਦੇ ਲੋਕ ਖੁਸ਼ ਹਨ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ ਤੇ 2022 ਵਿੱਚ ਦੁਬਾਰਾ ਕਾਂਗਰਸ ਸੱਤਾ ਵਿੱਚ ਆਂਵੇਗੀ।ਹਾਲਾਂਕਿ ਇਹ ਸਥਾਨਕ ਵਿਧਾਇਕ ਦਾ ਆਪਣਾ ਦਾਅਵਾ ਹੈ ਪਰ ਵਿਧਾਨ ਸਭਾ ਚੋਣਾਂ ਦੌਰਾਨ ਕਿਸ ਪਾਰਟੀ ਦਾ ਝੰਡਾ ਲਹਿਰਾਏਗਾ ਇਹ ਆਉਣ ਵਾਲਾ ਸਮਾਂ ਹੀ ਦੱਸ ਪਾਏਗਾ।