ਅੰਮ੍ਰਿਤਸਰ: ਸੂਬੇ 'ਚ ਵੱਧ ਰਹੇ ਪ੍ਰਕੋਪ ਨੂੰ ਵੇਖਦੇ ਹੋਏ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਕਸਬਾ ਅਜਨਾਲਾ ਵਿਖੇ ਗੁਰਦੁਆਰਾ ਸਿੰਘ ਸਭਾ ਤੇ ਅਜਨਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਭਾਈ ਘਨੱਈਆ ਜੀ ਕੇਅਰ ਸੈਂਟਰ ਖੋਲ੍ਹਿਆ ਗਿਆ ਹੈ। ਇਸ ਦੌਰਾਨ ਹੋਰਨਾਂ ਕਈ ਸਿੱਖ ਜੱਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਹਿਯੋਗ ਦਿੱਤਾ ਗਿਆ ਹੈ।
ਇਸ ਕੇਅਰ ਸੈਂਟਰ ਦਾ ਰਸਮੀ ਉਦਘਾਟਨ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਦੇ ਪੁੱਤਰ ਕੰਵਰਪ੍ਰਤਾਪ ਸਿੰਘ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ 'ਚ ਸਮਾਜ ਸੇਵੀ ਤੇ ਮੈਡੀਕਲ ਅਫਸਰ ਵੀ ਮੌਜੂਦ ਰਹੇ। ਇਸ ਮੌਕੇ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਕਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕੋਰੋਨਾ ਕਾਲ 'ਚ ਸਮਾਜ ਸੇਵੀਆਂ ਵੱਲੋਂ ਕੋਰੋਨਾ ਪੀੜਤਾਂ ਤੇ ਲੋੜਵੰਦਾਂ ਦੀ ਮਦਦ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰ ਇੱਕ ਸਮਰਥ ਵਿਅਕਤੀ ਨੂੰ ਬਿਨ੍ਹਾਂ ਕਿਸੇ ਭੇਦਭਾਵ ਤੋਂ ਅਜਿਹੇ ਉਪਰਾਲ ਕਰ ਲੋੜਵੰਦਾਂ ਦੀ ਮਦਦ ਤੇ ਕੋਰੋਨਾ ਖਾਤਮੇ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਭਾਈ ਘਨੱਈਆ ਜੀ ਕੇਅਰ ਸੈਂਟਰ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡੀਕਲ ਅਫ਼ਸਰ ਡਾ. ਓਮ ਪ੍ਰਕਾਸ਼ ਨੇ ਕਿਹਾ ਇਹ ਕੇਅਰ ਸੈਂਟਰ ਪੂਰੀ ਤਰ੍ਹਾਂ ਮੁਫ਼ਤ ਹੈ। ਇਥੇ ਕੋਰੋਨਾ ਮਰੀਜ਼ਾਂ ਦਾ ਮੁਫ਼ਤ ਇਲਾਜ, ਕੋਰੋਨਾ ਮਰੀਜ਼ਾਂ ਨੂੰ ਮੁਫ਼ਤ ਭੋਜਨ, ਆਕਸੀਜਨ ਸਿਲੰਡਰ ਤੇ ਇਲਾਜ ਸਬੰਧੀ ਲੋੜੀਂਦਾ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਲੋੇੜਵੰਦ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰ ਖ਼ੁਦ ਨੂੰ ਕੋਰੋਨਾ ਵਾਇਰਸ ਤੇ ਬਲੈਕ ਫੰਗਸ ਤੋਂ ਬਚਾਉਣ ਦੀ ਅਪੀਲ ਕੀਤੀ।