ਅੰਮ੍ਰਿਤਸਰ : ਸ਼ਹਿਰ ਦੇ ਵੈਸਟ ਹਲਕੇ ਦੇ ਅਧੀਨ ਪੈਂਦੇ ਢੱਪਈ ਇਲਾਕੇ ਵਿੱਚ ਬੀਤੀ ਰਾਤ ਤੇਜ਼ ਹਨੇਰੀ ਤੇ ਮੀਂਹ ਪੈਣ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਛੱਤ ਡਿੱਗਣ ਦੇ ਕਾਰਨ ਇੱਥੇ ਰਹਿਣ ਵਾਲੇ ਨਵੇਂ ਵਿਆਹੇ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਇੱਥੋਂ ਦੇ ਵਿਧਾਇਕ ਡਾ.ਰਾਜ ਕੁਮਾਰ ਵੇਰਕਾ ਪੀੜਤ ਪਰਿਵਾਰ ਦੇ ਘਰ ਪੁੱਜੇ।
ਪੀੜਤ ਪਰਿਵਾਰ ਨੂੰ ਮਿਲਣ ਪੁੱਜੇ ਡਾ. ਰਾਜ ਕੁਮਾਰ ਵੇਰਕਾ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜ ਕੁਮਾਰ ਵੇਰਕਾ ਨੇ ਇਸ ਨੂੰ ਮੰਦਭਾਗੀ ਘਟਨਾ ਦੱਸਦੇ ਹੋਏ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਰਾਜ ਕੁਮਾਰ ਵੇਰਕਾ ਨੇ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਤਨਖ਼ਾਹ ਵਿਚੋਂ 20 ਹਜ਼ਾਰ ਰੁਪਏ ਦੇ ਕੇ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ।
ਡਾ. ਵੇਰਕਾ ਨੇ ਕਿਹਾ ਕਿ ਇਹ ਬਹੁਤ ਦੁੱਖਦ ਸਮਾਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਜ਼ਿਆਦਾ ਦੁੱਖ ਦੀ ਗੱਲ ਹੈ ਕਿ ਉਹ ਬੱਚਾ ਜੋ ਉਸ ਨਵੀਂ ਵਿਆਹੀ ਔਰਤ ਦੀ ਕੁੱਖ ਵਿੱਚ ਲਗਭਗ 5 ਮਹੀਨੇ ਦਾ ਸੀ, ਉਹ ਇਸ ਦੁਨੀਆਂ ਨੂੰ ਨਹੀਂ ਵੇਖ ਸਕਿਆ। ਇਸ ਲਈ ਦੋ ਨਹੀਂ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ। ਡਾ. ਵੇਰਕਾ ਨੇ ਕਿਹਾ ਕਿ ਉਹ ਇਸ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਨ। ਉਨ੍ਹਾਂ ਪੀੜਤ ਪਰਿਵਾਰ ਦੇ ਘਰ ਦੀ ਮੁਰੰਮਤ ਦਾ ਕੰਮ ਸਰਕਾਰ ਵੱਲੋਂ ਕਰਵਾਏ ਜਾਣ ਅਤੇ ਪੰਜਾਬ ਸਰਕਾਰ ਵੱਲੋਂ 2 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੇ ਜਾਣ ਦਾ ਐਲਾਨ ਕੀਤਾ। ਇਸ ਮੌਕੇ ਰਾਜ ਕੁਮਾਰ ਵੇਰਕਾ ਨਾਲ ਵਾਰਡ ਦੇ ਕੌਂਸਲਰ ਜਗਦੀਸ਼ ਕਾਲੀਆ ਅਤੇ ਪਨਸਪ ਦੇ ਡਾਇਰੈਕਟਰ ਬਲਬੀਰ ਸਿੰਘ ਬੱਬੀ ਸਣੇ ਕਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
ਦੱਸ ਦਈਏ ਕਿ ਦੇਰ ਰਾਤ ਆਈ ਤੇਜ਼ ਹਨੇਰੀ ਤੇ ਮੀਂਹ ਇੱਕ ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ। ਤੇਜ਼ ਮੀਂਹ ਪੈਣ ਕਾਰਨ ਛੱਤ ਡਿੱਗਣ ਨਾਲ ਇੱਕ ਨਵੇਂ ਵਿਆਹੇ ਜੋੜੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਵਿੰਦਰ ਸਿੰਘ ਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਵਜੋਂ ਹੋਈ ਹੈ। ਲੋਕਾਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਦੋਹੇਂ ਪਤੀ ਪਤਨੀ ਸੁੱਤੇ ਪਏ ਸਨ, ਤੇਜ਼ ਮੀਂਹ ਕਾਰਨ ਮਕਾਨ ਦੀ ਛੱਤ ਡਿੱਗ ਗਈ ਤੇ ਦੋਵੇਂ ਪਤੀ-ਪਤਨੀ ਮਲਬੇ ਹੇਠ ਦੱਬ ਗਏ। ਸਥਾਨਕ ਲੋਕਾਂ ਨੇ ਦੋਹਾਂ ਨੂੰ ਮਲਬੇ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਜਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।