ਅੰਮ੍ਰਿਤਸਰ: ਸ਼ਹਿਰ ਦੀ ਜੀਆਰਪੀ ਪੁਲਿਸ ਤੇ ਤਰਨ ਤਾਰਨ ਦੀ ਐਸਆਈਟੀ ਟੀਮ ਨੇ ਸਾਂਝਾ ਆਪਰੇਸ਼ਨ ਚਲਾ ਕੇ ਲੁੱਟ-ਖੋਹ ਤੇ ਕਤਲ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਕੁੱਲ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਤਰਨ ਤਾਰਨ ਰੇਲਵੇ ਸਟੇਸ਼ਨ 'ਤੇ ਕੁੱਝ ਅਣਪਛਾਤੇ ਲੁੱਟੇਰਿਆਂ ਨੇ ਇੱਕ ਫਾਈਨਾਂਸਰ ਕੋਲੋਂ ਲੁੱਟ-ਖੋਹ ਕੀਤੀ। ਉਸ ਦੌਰਾਨ ਲੁੱਟੇਰਿਆਂ ਨੇ ਪੈਸਿਆਂ ਤੋਂ ਭਰਿਆ ਬੈਗ ਖੋਹਣ ਲਈ ਫਾਈਨਾਂਸਰ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਉਕਤ ਫਾਈਨਾਂਸਰ ਦੇ ਡਰਾਈਵਰ ਰਸ਼ਪਾਲ ਸਿੰਘ ਦੇ ਬਿਆਨਾਂ 'ਤੇ ਸ਼ਿਕਾਇਤ ਦਰਜ ਕੀਤੀ ਹੈ।
ਸ਼ਿਕਾਇਤ ਦੇ ਆਧਾਰ 'ਤੇ ਅੰਮ੍ਰਿਤਸਰ ਦੀ ਜੀਆਰਪੀ ਪੁਲਿਸ ਤੇ ਤਰਨ ਤਾਰਨ ਦੀ ਐਸਆਈਟੀ ਟੀਮ ਨੇ ਸਾਂਝਾ ਆਪਰੇਸ਼ਨ ਚਲਾ ਕੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਤਰਨ ਤਾਰਨ ਤੇ ਅੰਮ੍ਰਿਤਸਰ ਦੀ ਜੀਆਰਪੀ ਪੁਲਿਸ ਨੇ ਕੁੱਲ 5 ਮੁਲਜ਼ਮਾਂ 'ਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਇਸ ਮਾਮਲੇ 'ਚ ਸ਼ਾਮਲ ਇੱਕ ਹੋਰ ਫਰਾਰ ਮੁਲਜ਼ਮ ਦੀ ਭਾਲ ਜਾਰੀ ਹੈ।