ਅੰਮ੍ਰਿਤਸਰ: ਸ਼ਹਿਰ ਦੇ ਮਕਬੂਲਪੁਰਾ ਇਲਾਕੇ 'ਚ ਇੱਕ 55 ਸਾਲਾ ਬਜ਼ੁਰਗ ਵੱਲੋਂ ਨਵ-ਵਿਆਹੁਤਾ ਨਾਲ ਛੇੜਛਾੜ ਤੇ ਗ਼ਲਤ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ 'ਚ ਕਾਫੀ ਰੋਸ ਹੈ।
ਪੁਲਿਸ ਨੂੰ ਬਿਆਨ ਦਿੰਦੇ ਹੋਏ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੋਇਆ ਹੈ। ਉਹ ਆਪਣੇ ਸੁਹਰੇ ਪਰਿਵਾਰ ਨਾਲ ਇਸ ਇਲਾਕੇ 'ਚ ਰਹਿੰਦੀ ਹੈ। ਲੜਕੀ ਨੇ ਦੱਸਿਆ ਕਿ ਉਕਤ ਮੁਲਜ਼ਮ ਦਾ ਨਾਂਅ ਕਸ਼ਮੀਰ ਸਿੰਘ ਹੈ। ਮੁਲਜ਼ਮ ਵਿਆਹ ਤੋਂ ਪਹਿਲਾਂ ਵੀ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ। ਜਿਸ ਸਮੇਂ ਉਹ ਘਰ 'ਤੇ ਇਕੱਲੀ ਸੀ ਤਾਂ ਮੁਲਜ਼ਮ ਜਬਰਨ ਉਸ ਦੇ ਘਰ 'ਚ ਦਾਖ਼ਲ ਹੋ ਗਿਆ ਤੇ ਉਸ ਨਾਲ ਛੇੜਛਾੜ ਕੀਤੀ। ਉਸ ਦੇ ਰੌਲਾ ਪਾਉਣ 'ਤੇ ਉਹ ਫਰਾਰ ਹੋ ਗਿਆ।
ਪੀੜਤਾ ਦੇ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਪੁਲਿਸ ਉਨ੍ਹਾਂ ਦੀ ਸ਼ਿਕਾਇਤ ਨਹੀਂ ਦਰਜ ਕਰ ਰਹੀ ਸੀ। ਉਨ੍ਹਾਂ ਸਿਆਸੀ ਦਬਾਅ ਦੇ ਚਲਦੇ ਪੁਲਿਸ ਵੱਲੋਂ ਸਮੇਂ ਸਿਰ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਾਏ। ਇਥੇ ਪੀੜਤ ਪਰਿਵਾਰ ਦੇ ਹੱਕ 'ਚ ਆਏ ਲੋਕ ਇਨਸਾਫ ਪਾਰਟੀ ਦੇ ਵਰਕਰ ਲਾਭ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰੇਗੀ ਤਾਂ ਉਨ੍ਹਾਂ ਦੀ ਪਾਰਟੀ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਸ਼ਿਵ ਕੁਮਾਰ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਿਸ ਵੱਲੋਂ ਮੁਲਜ਼ਮ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾਰੀ ਹੈ। ਉਨ੍ਹਾਂ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।