ਅੰਮ੍ਰਿਤਸਰ: ਪੁਲਿਸ ਵੱਲੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ 'ਚ ਅੰਮ੍ਰਿਤਸਰ ਪੁਲਿਸ ਨੇ ਵੱਖ -ਵੱਖ ਮਾਮਲਿਆਂ 'ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਮੁੱਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਚੋਂ ਤਿੰਨ ਨਸ਼ਾ ਤਸਕਰੀ ਕਰਦੇ ਹਨ ਤੇ ਚੌਥਾ ਮੁਲਜ਼ਮ ਗੈਂਗਸਟਰ ਹੈ ਜੋ ਕਿ ਕਈ ਅਪਰਾਧਕ ਮਾਮਲਿਆਂ 'ਚ ਲੋੜੀਂਦਾ ਸੀ ਅਤੇ ਪੁਲਿਸ ਨੂੰ ਉਸ ਦੀ ਲੰਮੇ ਸਮੇਂ ਤੋਂ ਭਾਲ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਗੁਪਤ ਸੂਚਨਾ ਮੁਤਾਬਕ ਪੁਲਿਸ ਨੇ ਪਾਲਮ ਕਾਲੌਨੀ 'ਚ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਛਾਪੇਮਾਰੀ ਦੇ ਦੌਰਾਨ ਮੁਲਜ਼ਮਾਂ ਵੱਲੋਂ ਪੁਲਿਸ ਉੱਤੇ ਫਾਈਰਿੰਗ ਕੀਤੀ ਗਈ, ਇਸ ਦੀ ਜਵਾਬੀ ਕਾਰਵਾਈ ਦੇ ਦੌਰਾਨ ਇੱਕ ਮੁਲਜ਼ਮ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਕੋਲੋਂ ਮੌਕੇ 'ਤੇ ਅੱਧਾ ਕਿੱਲੋ ਹੈਰੋਇਨ, ਇੱਕ ਪਿਸਤੌਲ, ਤੇਜ਼ਧਾਰ ਹਥਿਆਰ ਤੇ ਇੱਕ ਗੱਡੀ ਬਰਾਮਦ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਮੁਲਜ਼ਮ ਜੇਲ 'ਚ ਬੰਦ ਜੁਝਾਰ ਨਾਂਅ ਦੇ ਗੈਂਗਸਟਰ ਦੇ ਲਈ ਕੰਮ ਕਰਦੇ ਸਨ, ਜੋ ਕਿ ਜੇਲ ਦੇ ਅੰਦਰ ਤੋਂ ਨਸ਼ਾ ਤਸਕਰੀ ਦਾ ਕਾਰੋਬਾਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਨਸ਼ਾ ਤਸਕਰੀ ਮਾਮਲੇ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਚੌਥਾ ਮੁਲਜ਼ਮ ਕਈ ਅਪਰਾਧਿਕ ਮਾਮਲਿਆਂ 'ਚ ਫਰਾਰ ਚੱਲ ਰਿਹਾ ਸੀ। ਡੀਸੀਪੀ ਨੇ ਦੱਸਿਆ ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਉਨ੍ਹਾਂ ਵਿਰੁੱਧ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।