ਅੰਮ੍ਰਿਤਸਰ: ਜ਼ਿਲ੍ਹੇ ਦੇ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਨੇੜੇ ਅੰਮ੍ਰਿਤਸਰ-ਪਠਾਨਕੋਟ ਹਾਈਵੇਅ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਇਹ ਸੜਕ ਹਾਦਸਾ 2 ਟਰਾਲਿਆਂ ਵਿਚਕਾਰ ਟੱਕਰ ਨਾਲ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਨੈਸ਼ਨਲ ਹਾਈਵੇਅ 'ਤੇ ਇੱਕ ਕਰਸ਼ਰ ਪਲਾਂਟ ਹੈ ਜੋ ਬਿਲਕੁਲ ਹਾਈਵੇਅ 'ਤੇ ਸਥਿਤ ਹੈ ਅਤੇ ਉਥੇ ਅਕਸਰ ਹੀ ਸੀਮਿੰਟ ਨਾਲ ਭਰੇ ਟਰਾਲੇ ਖੜ੍ਹੇ ਰਹਿੰਦੇ ਹਨ। ਇਸ ਸੜਕ ਹਾਦਸੇ ਵਿੱਚ ਵੀ ਹਾਈਵੇਅ 'ਤੇ ਆ ਰਹੇ ਟਰਾਲੇ ਦੀ ਹਾਈਵੇਅ 'ਤੇ ਖੜ੍ਹੇ ਟਰਾਲੇ ਨਾਲ ਟੱਕਰ ਹੋ ਗਈ।
ਦੱਸ ਦਈਏ ਕਿ ਮੌਕੇ 'ਤੇ ਸਥਿਤ ਲੋਕਾਂ ਨੇ ਦੱਸਿਆ ਕਿ ਇਹ ਇਸ ਹਾਈਵੇਅ 'ਤੇ ਪਹਿਲਾ ਹਾਦਸਾ ਨਹੀਂ ਵਾਪਰਿਆ, ਇੱਥੇ ਅਕਸਰ ਹੀ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੀਮਿੰਟ ਕਰਸ਼ਰ ਕਾਰਨ ਟਰੱਕ ਡਰਾਈਵਰ ਰਾਹ ਵਿੱਚ ਹੀ ਆਪਣੇ ਵਾਹਨ ਖੜ੍ਹਾ ਦਿੰਦੇ ਹਨ ਜਿਸ ਕਾਰਨ ਹਾਦਸੇ ਵਾਪਰਦੇ ਹਨ।
ਇਹ ਵੀ ਪੜ੍ਹੋ: ਜਾਇਦਾਦ ਹੜੱਪ ਕੇ ਕਲਯੁੱਗੀ ਪੁੱਤਰ ਨੇ ਪਿਓ ਨੂੰ ਘਰੋਂ ਬਾਹਰ ਕੱਢਿਆ
ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਵੀ ਇਸ ਸਬੰਧੀ ਕੋਈ ਕਦਮ ਨਹੀਂ ਚੁੱਕ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਇਥੇ ਪੁਲਿਸ ਨਾਕਾ ਨਹੀਂ ਦੇਖਿਆ ਜੋ ਵਾਹਨਾਂ ਨੂੰ ਰਾਹ ਵਿੱਚ ਖੜਾਉਣ ਤੋਂ ਰੋਕਦਾ ਹੋਵੇ।
ਉਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਜਾਂਦਾ ਹੈ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਖ਼ਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ।