ਮੁੰਬਈ: ਗਲੋਬਲ ਬਾਜ਼ਾਰਾਂ 'ਚ ਮਿਲੇ-ਜੁਲੇ ਰੁਝਾਨ ਅਤੇ ਸਕਾਰਾਤਮਕ ਨਿਵੇਸ਼ਕ ਧਾਰਨਾ ਦੇ ਵਿਚਕਾਰ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਲਗਭਗ 345 ਅੰਕ ਚੜ੍ਹਿਆ। ਜਦ ਕਿ ਨਿਫਟੀ ਨੇ ਵੀ ਮਜ਼ਬੂਤ ਵਾਧਾ ਕੀਤਾ। ਇਸ ਦੌਰਾਨ ਬੀ.ਐੱਸ.ਈ. ਦਾ ਸੈਂਸੈਕਸ 344.92 ਅੰਕ ਜਾਂ 0.58 ਫੀਸਦੀ ਵਧ ਕੇ 59,480.05 ਅੰਕ 'ਤੇ ਪਹੁੰਚ ਗਿਆ। NSE ਨਿਫਟੀ 108.05 ਅੰਕ ਭਾਵ 0.62 ਫੀਸਦੀ ਵਧ ਕੇ 17,520.95 'ਤੇ ਬੰਦ ਹੋਇਆ। 30 ਸਟਾਕਾਂ ਦੇ ਆਧਾਰ 'ਤੇ ਸੈਂਸੈਕਸ ਦੇ 20 ਸਟਾਕ ਮੁਨਾਫੇ 'ਚ ਕਾਰੋਬਾਰ ਕਰ ਰਹੇ ਸਨ।
ਇਸ ਤੋਂ ਪਹਿਲਾਂ ਲਗਾਤਾਰ ਦੋ ਸੈਸ਼ਨਾਂ 'ਚ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਦਰਜ ਕੀਤੀ ਗਈ ਸੀ। ਸਿਲੀਕਾਨ ਵੈਲੀ ਬੈਂਕ ਦੇ ਦੀਵਾਲੀਆਪਨ ਦੇ ਬਾਵਜੂਦ ਨਿਵੇਸ਼ਕਾਂ ਦੀ ਭਾਵਨਾ ਇਸ ਉਮੀਦ 'ਤੇ ਮਜ਼ਬੂਤ ਬਣੀ ਹੋਈ ਹੈ ਕਿ ਯੂਐਸ ਕੇਂਦਰੀ ਬੈਂਕ ਦਰਾਂ ਨੂੰ ਬਹੁਤ ਜ਼ਿਆਦਾ ਨਹੀਂ ਵਧਾਏਗਾ। ਜਨਵਰੀ ਵਿੱਚ ਉਦਯੋਗਿਕ ਉਤਪਾਦਨ ਵਿੱਚ ਵਾਧੇ ਨੇ ਵੀ ਭਾਵਨਾਵਾਂ ਨੂੰ ਉਤਸ਼ਾਹਤ ਕੀਤਾ। ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਭਾਰਤ ਦਾ ਉਦਯੋਗਿਕ ਉਤਪਾਦਨ ਜਨਵਰੀ 'ਚ ਵਧ ਕੇ 5.2 ਫੀਸਦੀ ਹੋ ਗਿਆ।
ਸੋਮਵਾਰ ਨੂੰ ਜ਼ਿਆਦਾਤਰ ਏਸ਼ੀਆਈ ਬਾਜ਼ਾਰ ਮੁਨਾਫੇ 'ਚ ਕਾਰੋਬਾਰ ਕਰ ਰਹੇ ਸਨ। ਸ਼ੁੱਕਰਵਾਰ ਨੂੰ ਅਮਰੀਕੀ ਅਤੇ ਯੂਰਪੀ ਬਾਜ਼ਾਰ ਘਾਟੇ ਨਾਲ ਬੰਦ ਹੋਏ। ਸ਼ੁੱਕਰਵਾਰ ਨੂੰ ਪਿਛਲੇ ਕਾਰੋਬਾਰੀ ਸੈਸ਼ਨ 'ਚ 30 ਸ਼ੇਅਰਾਂ ਵਾਲਾ ਸੈਂਸੈਕਸ 671.15 ਅੰਕ ਜਾਂ 1.12 ਫੀਸਦੀ ਦੀ ਗਿਰਾਵਟ ਨਾਲ 59,135.13 'ਤੇ ਬੰਦ ਹੋਇਆ ਸੀ। ਵਿਆਪਕ NSE ਨਿਫਟੀ 176.70 ਅੰਕ ਭਾਵ ਇਕ ਫੀਸਦੀ ਦੀ ਗਿਰਾਵਟ ਨਾਲ 17,412.90 'ਤੇ ਬੰਦ ਹੋਇਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ 2,061.47 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਮਜ਼ਬੂਤ: ਅਮਰੀਕੀ ਡਾਲਰ 'ਚ ਕਮਜ਼ੋਰੀ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 25 ਪੈਸੇ ਦੀ ਮਜ਼ਬੂਤੀ ਨਾਲ 81.81 'ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਡਾਲਰ ਦੇ ਮੁਕਾਬਲੇ 81.78 'ਤੇ ਖੁੱਲ੍ਹਿਆ। ਫਿਰ ਕੁਝ ਗਿਰਾਵਟ ਨਾਲ 82.06 'ਤੇ ਚਲਾ ਗਿਆ। ਕੁਝ ਸਮੇਂ ਬਾਅਦ ਰੁਪਏ ਨੇ ਪਿਛਲੀ ਬੰਦ ਕੀਮਤ ਦੇ ਮੁਕਾਬਲੇ 25 ਪੈਸੇ ਦਾ ਵਾਧਾ ਦਰਜ ਕੀਤਾ ਅਤੇ 81.81 ਪ੍ਰਤੀ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ।
ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 82.06 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ, ਡਾਲਰ ਸੂਚਕਾਂਕ ਜੋ ਛੇ ਪ੍ਰਮੁੱਖ ਮੁਦਰਾਵਾਂ ਦੇ ਇੱਕ ਬਾਸਕੇਟ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਹੈ 0.77 ਫੀਸਦੀ ਡਿੱਗ ਕੇ 103.78 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.30 ਫੀਸਦੀ ਵਧ ਕੇ 83.03 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਸ਼ੁੱਕਰਵਾਰ ਨੂੰ ਸ਼ੁੱਧ ਵਿਕਰੇਤਾ ਸਨ ਅਤੇ ਉਸ ਦਿਨ ਉਨ੍ਹਾਂ ਨੇ 2,061.47 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ: Market Capitalization: ਚੋਟੀ ਦੀਆਂ 10 ਕੰਪਨੀਆਂ 'ਚੋਂ 8 ਦਾ ਬਾਜ਼ਾਰ ਪੂੰਜੀਕਰਣ 1.03 ਲੱਖ ਕਰੋੜ ਰੁਪਏ ਘਟਿਆ