ਮੁੰਬਈ: ਘਰੇਲੂ ਸ਼ੇਅਰ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਉਛਾਲ ਦੇਖਣ ਨੂੰ ਮਿਲਿਆ ਅਤੇ ਬੀ.ਐੱਸ.ਈ ਦਾ ਸੈਂਸੈਕਸ 276 ਅੰਕਾਂ ਤੋਂ ਜ਼ਿਆਦਾ ਦੇ ਮੁਨਾਫੇ ਨਾਲ ਖੁੱਲ੍ਹਿਆ। ਇਹ ਉਛਾਲ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੁਆਰਾ ਲਗਾਤਾਰ ਖਰੀਦਦਾਰੀ ਅਤੇ ਅਪ੍ਰੈਲ ਵਿੱਚ ਰਿਕਾਰਡ ਜੀਐਸਟੀ ਕੁਲੈਕਸ਼ਨ ਦੇ ਵਿਚਕਾਰ ਆਇਆ ਹੈ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 276.61 ਅੰਕਾਂ ਦੇ ਵਾਧੇ ਨਾਲ 61,389.05 ਉੱਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 89.65 ਅੰਕ ਚੜ੍ਹ ਕੇ 18,154.65 'ਤੇ ਖੁੱਲ੍ਹਿਆ।
ਜੀਐਸਟੀ ਕੁਲੈਕਸ਼ਨ: ਕਾਰੋਬਾਰੀਆਂ ਮੁਤਾਬਕ ਦੂਜੇ ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਤ ਰੁਖ ਅਤੇ ਸੂਚਕ ਅੰਕ 'ਚ ਮਜ਼ਬੂਤ ਹਿੱਸੇਦਾਰੀ ਰੱਖਣ ਵਾਲੀ ਰਿਲਾਇੰਸ ਇੰਡਸਟਰੀਜ਼ ਅਤੇ ਆਈ.ਟੀ ਕੰਪਨੀਆਂ ਦੇ ਸ਼ੇਅਰਾਂ 'ਚ ਖਰੀਦਦਾਰੀ ਨੇ ਵੀ ਬਾਜ਼ਾਰ ਨੂੰ ਸਮਰਥਨ ਦਿੱਤਾ। ਅਪ੍ਰੈਲ 'ਚ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ) ਦੀ ਕੁਲੈਕਸ਼ਨ ਸਾਲਾਨਾ ਆਧਾਰ 'ਤੇ 12 ਫੀਸਦੀ ਵਧ ਕੇ 1.87 ਲੱਖ ਕਰੋੜ ਰੁਪਏ ਹੋ ਗਈ। ਇਹ ਇੱਕ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਜੀਐਸਟੀ ਕੁਲੈਕਸ਼ਨ ਹੈ।
ਡਾਲਰ ਦੇ ਮੁਕਾਬਲੇ ਰੁਪਿਆ: ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ 10 ਪੈਸੇ ਦੇ ਵਾਧੇ ਨਾਲ 81.72 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਹੋਰ ਗਲੋਬਲ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਮਜ਼ਬੂਤ ਰੁਖ ਨੇ ਰੁਪਏ ਨੂੰ ਸਮਰਥਨ ਦਿੱਤਾ। ਫੋਰੈਕਸ ਵਪਾਰੀਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਪੂੰਜੀ ਨਿਵੇਸ਼ ਅਤੇ ਕੱਚੇ ਤੇਲ ਦੀਆਂ ਕੀਮਤਾਂ 80 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਡਿੱਗਣ ਨਾਲ ਵੀ ਰੁਪਏ ਨੂੰ ਸਮਰਥਨ ਮਿਲਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 10 ਪੈਸੇ ਦੇ ਵਾਧੇ ਨਾਲ 81.72 ਦੇ ਪੱਧਰ 'ਤੇ ਖੁੱਲ੍ਹਿਆ। ਸ਼ੁੱਕਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 81.82 ਦੇ ਪੱਧਰ 'ਤੇ ਬੰਦ ਹੋਇਆ ਸੀ। ਮਹਾਰਾਸ਼ਟਰ ਦਿਵਸ ਦੇ ਕਾਰਨ ਸੋਮਵਾਰ ਨੂੰ ਵਿਦੇਸ਼ੀ ਮੁਦਰਾ ਬਾਜ਼ਾਰ ਅਤੇ ਸ਼ੇਅਰ ਬਾਜ਼ਾਰ ਬੰਦ ਰਹੇ।
ਇਹ ਵੀ ਪੜ੍ਹੋ:- GST Collection: ਭਾਰਤੀ ਅਰਥਵਿਵਸਥਾ ਲਈ ਚੰਗੀ ਖਬਰ, ਅਪ੍ਰੈਲ 2023 'ਚ GST ਕੁਲੈਕਸ਼ਨ ਨੇ 1.87 ਲੱਖ ਕਰੋੜ ਰੁਪਏ ਨਾਲ ਤੋੜੇ ਰਿਕਾਰਡ